Skip Navigation LinksHome > Community Categories > Hukamnama Gurdwara Baba Sidhana Ji


ਹੁਕਮਨਾਮਾ ਗੁਰਦੁਆਰਾ ਬਾਬਾ ਸਿਧਾਣਾ ਜੀ, ਬੜਾ ਪਿੰਡ
Wednesday 03-05-2017
ਸੋਰਠਿ ਮਹਲਾ ੫ ॥ ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥ ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ ਪ੍ਰਭ ਜੀ ਤੇਰੀ ਓਟ ਗੁਸਾਈ ॥ ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ੍ਹ ਧਿਆਈ ॥ ਰਹਾਉ ॥ ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥ ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥ ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥ ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥ ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥

ਅਰਥ :ਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! (ਮੈਨੂੰ) ਤੇਰਾ (ਹੀ) ਆਸਰਾ ਹੈ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ।ਰਹਾਉ। ਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ। ਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ।੧। ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ, (ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨। ਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ। ਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ।੩। ਹੇ ਨਾਨਕ! (ਆਖ-) ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ, ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ।੪।੨੬।੯੦।

ਅੰਗ : 630

http://www.gurugranthdarpan.com/darpan2/0630.html

Barapind Printing Press VPO Bara Pind

Select Language