Skip Navigation LinksHome > Community Categories > Hukamnama Gurdwara Baba Sidhana Ji


Sunday 14-05-2017
ਸਲੋਕੁ ਮਃ ੩ ॥
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥

ਅਰਥ :ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ। ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ। ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ)। ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨। ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥ ਅਰਥ: ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ) । (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ।4।

ਅੰਗ : 646

http://gurugranthdarpan.net/0646.html

Barapind Printing Press VPO Bara Pind

Select Language