Skip Navigation LinksHome > Community Categories > Hukamnama Gurdwara Baba Sidhana Ji


ਹੁਕਮਨਾਮਾ ਗੁਰਦੁਆਰਾ ਬਾਬਾ ਸਿਧਾਣਾ ਜੀ, ਬੜਾ ਪਿੰਡ
Wednesday 14-06-2017
ਸਲੋਕੁ ਮਃ ੩ ॥

ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥
ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥ ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

ਮਃ ੩ ॥
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥
ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥

ਪਉੜੀ ॥
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥ ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥ ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

ਅਰਥ :

ਅਰਥ: (ਜਗਤ ਦਾ) ਸਾਰਾ ਆਕਾਰ (ਭਾਵ, ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ (ਜਿਸ ਨੇ ਇਹ ਜਗਤ ਬਣਾਇਆ ਹੈ) ਡਰ ਤੋਂ ਰਹਿਤ ਹੈ। ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ, ਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ।

ਹੇ ਨਾਨਕ! ਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ; ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ।੧।

ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਵਿਚ ਜੋ ਭੀ ਆਇਆ ਹੈ ਉਹ ਇਥੇ ਸਦਾ ਨਹੀਂ ਰਹਿ ਸਕਦਾ) ; ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ। ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ।੨।

ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ; ਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ।

"ਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਜਪੋ"-ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਜਿਸ ਸਤਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ, ਉਹ ਸਤਿਗੁਰੂ ਧੰਨ ਹੈ, ਉਹ ਗੁਰੂ ਧੰਨ ਹੈ। ਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ।੨।

ਅੰਗ : 586

http://gurugranthdarpan.net/0586.html

Barapind Printing Press VPO Bara Pind

Select Language