Skip Navigation LinksHome > Community Categories > Hukamnama Gurdwara Baba Sidhana Ji


Monday 19-06-2017
ਸੋਰਠਿ ਮਃ ੩ ॥

ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ ਹਰਿ ਜੀਉ ਸਾਚੀ ਨਦਰਿ ਤੁਮਾਰੀ ॥ ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥

ਅਰਥ :

ਹੇ ਪ੍ਰਭ ਜੀ! ਤੇਰੀ ਮੇਹਰ ਦੀ ਨਿਗਾਹ (ਆਪਣੇ ਸੇਵਕਾਂ ਉਤੇ) ਸਦਾ ਟਿਕੀ ਰਹਿੰਦੀ ਹੈ। ਹੇ ਪਿਆਰੇ! ਤੂੰ ਆਪਣੇ ਦਾਸਾਂ ਉਤੇ ਕਿਰਪਾ ਕਰਦਾ ਰਹਿੰਦਾ ਹੈਂ। ਮੇਰੀ ਭੀ ਇੱਜ਼ਤ ਰੱਖ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਬਹੁਤ ਗਰੀਬੀ ਸੁਭਾਵ ਵਾਲਾ ਬਣਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਪਰਮਾਤਮਾ ਦੇ ਭਗਤਾਂ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਉਹ (ਆਪਾ-ਭਾਵ ਗਵਾ ਕੇ) ਹਰ ਵੇਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦੇ ਹਨ। ਭਗਤ ਜਨ ਗੁਰੂ ਦੇ ਸ਼ਬਦ ਵਿਚ ਸਦਾ ਇਕ-ਰਸ ਰੰਗੇ ਰਹਿ ਕੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ।੧।

(ਹੇ ਪ੍ਰਭੂ! ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇ, ਸਦਾ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ। ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ ਉਸ ਦਾ ਡਰ ਦੂਰ ਹੋ ਜਾਂਦਾ ਹੈ। (ਹੇ ਭਾਈ!) ਮੇਰਾ ਪ੍ਰਭੂ ਸੋਹਣਾ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਚਿੱਤ (ਉਸ ਸੋਹਣੇ ਪ੍ਰਭੂ ਵਿਚ) ਮਗਨ ਰਹਿੰਦਾ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ, ਸਿਫ਼ਤਿ-ਸਾਲਾਹ ਦੀ ਬਾਣੀ (ਵੱਸਦੀ ਹੈ) ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਵਿਚ) ਸੁਚੇਤ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਵੱਡੇ ਡੂੰਘੇ ਜਿਗਰੇ ਵਾਲਾ ਹੈ, ਸਦਾ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜੇਹੜਾ ਮਨੁੱਖ ਪੂਰੇ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਸੁਖ ਹੀ ਸੁਖ ਹੈ, ਉਹ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ।੩।

ਹੇ ਭਾਈ! ਪਰਮਾਤਮਾ ਦੇ ਮਿਲਾਪ ਦਾ ਰਸਤਾ ਬੜਾ ਕਠਨ ਹੈ, ਕੋਈ ਉਹ ਵਿਰਲਾ ਮਨੁੱਖ ਉਹ ਰਸਤਾ ਲੱਭਦਾ ਹੈ ਜੇਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਦੂਰ ਕਰ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਦੇ ਨਾਮ ਵਿਚ ਇਕ-ਰਸ ਰੱਤਾ ਰਹਿੰਦਾ ਹੈ, ਜੋ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸਵਾਰ ਦੇਂਦਾ ਹੈ।੪।੩।

ਅੰਗ : 600

http://gurugranthdarpan.net/0600.html

Barapind Printing Press VPO Bara Pind

Select Language