Skip Navigation LinksHome > Community Categories > Hukamnama Gurdwara Baba Sidhana Ji


ਹੁਕਮਨਾਮਾ ਗੁਰਦੁਆਰਾ ਬਾਬਾ ਸਿਧਾਣਾ ਜੀ, ਬੜਾ ਪਿੰਡ
Saturday 24-06-2017
ਸੋਰਠਿ ਮਹਲਾ ੫ ॥

ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ ਹਰਿ ਕੇ ਚਰਣ ਰਿਦੈ ਉਰਿ ਧਾਰਿ ॥ ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥

ਅਰਥ :

ਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ। ਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ। ਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ)। ਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ)।੧।

ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ। ਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ। ਹੇ ਨਾਨਕ! (ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ।੨।੧੯।੪੭।

ਅੰਗ : 620

http://www.gurugranthdarpan.net/0620.html

Barapind Printing Press VPO Bara Pind

Select Language