ਸੋਰਠਿ ਮਹਲਾ ੫ ॥
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ {ਪੰਨਾ 618}
ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ। ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ।੧।ਰਹਾਉ।
ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ। ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ।੧।
ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।੨।੭।੩੫।