ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ
—————
ਅਮਰੀਕਾ ਦੇ ਸਫਲ ਪੰਜਾਬੀ ਕਿਸਾਨਾਂ ‘ਚੋਂ ਇਕ ਹੈ ਬੜੇ ਪਿੰਡੀਆ ਨਿਰਮਲ ਸਿੰਘ ਸਹੋਤਾ!
—————
ਦੁਕਾਨਾਂ ਤਾਂ ਚਲੋਂ ਹੁਣ ਖੁੱਲ੍ਹੀਆਂ, ਕੁਦਰਤ ਨੇ ਫਲਾਂ ਦੇ ਰੂਪ ਵਿਚ ਮਠਿਆਈਆਂ ਪਹਿਲਾਂ ਹੀ ਮਨੁੱਖ ਨੂੰ ਤੋਹਫ਼ੇ ਵਜੋਂ ਭੇਟ ਕਰ ਦਿੱਤੀਆਂ ਸਨ। ਇਸੇ ਕਰ ਕੇ ਇਕ ਕਿਸਾਨ ਨੂੰ ਤੇ ਫਲ ਉਤਪਾਦਕ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਖੇਤਾਂ ‘ਚ ਰੱਬ ਤੇ ਕੁਦਰਤ ‘ਕੱਠੇ ਵਸਦੇ ਹਨ। ਜਲੰਧਰ ਜ਼ਿਲ੍ਹੇ ਦਾ ਨਿਰਮਲ ਸਿੰਘ ਸਹੋਤਾ ਪਿੰਡ ਵੀ ਹਲ ਦਾ ਮੁੰਨਾ ਛੱਡ ਕੇ ਆਇਆ ਸੀ ਅਤੇ ਅਮਰੀਕਾ ਆ ਕੇ ਵੀ ਮਿੱਟੀ ਨਾਲ ਮਿੱਟੀ ਹੋ ਕੇ ਇਤਿਹਾਸ ਸਿਰਜਿਆ ਤੇ ਦੱਸਿਆ ਕਿ ਮੁੱਲ ਮਿਹਨਤਾਂ ਦੇ ਹੀ ਪੈਂਦੇ ਹਨ। ਸੈਂਟਰਲ ਵੈਲੀ ਦੇ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਤੇ ਕਿਸਾਨੀ ਧੰਦੇ ਨਾਲ ਜੁੜੇ ਸ਼ਹਿਰ ਫਰਿਜ਼ਨੋ ਲਾਗੇ ਸੈਲਮਾ ‘ਚ ਵਸਦੇ ਨਿਰਮਲ ਸਿੰਘ ਸਹੋਤਾ ਨੂੰ ਵੇਖ ਕੇ ਕਹਿਣਾ ਪਵੇਗਾ ਕਿ ਉਮਰ ਕੋਈ ਵੀ ਹੋਵੇ, ਚਿਹਰੇ ‘ਤੇ ਲਾਲੀਆਂ ਕਿਰਤ ਤੇ ਖੁਸ਼ਹਾਲੀ ਕਰਕੇ ਹੀ ਦਗਦਗ ਕਰਦੀਆਂ ਹਨ। ਉਹਦਾ ਲਾਲ ਸੂਹਾ ਰੰਗ ਵੇਖ ਕੇ ਚੰਗਾ-ਭਲਾ ਬੰਦਾ ਸੋਚ ਬਦਲ ਲੈਂਦਾ ਕਿ ਲੋਕ ਬੁਢਾਪੇ ਦਾ ਤਾਂ ਐਵੇਂ ਹੀ ਫ਼ਿਕਰ ਕਰੀ ਜਾਂਦੇ ਸਨ। ਮਿੱਟੀ ‘ਚੋਂ ਸੋਨਾ ਜਾਂ ਹੀਰੇ ਮੋਤੀ ਲੱਭਣ ਦੀ ਸਚਾਈ ਉਨ੍ਹੇ ਹੱਡ ਭੰਨ੍ਹਵੀ ਮਿਹਨਤ ਨਾਲ ਅਮਰੀਕਾ ਆ ਕੇ ਵੀ ਸਿੱਧ ਕਰ ਦਿੱਤੀ ਹੈ।
ਦੁਆਬੇ ਦੇ ਸ਼ਹਿਰ ਗੁਰਾਇਆ ਦੇ ਚੜ੍ਹਦੇ ਪਾਸੇ ਘੁੱਗ ਵਸਦੈ ‘ਬੜਾ ਪਿੰਡ’, ਹੈ ਵੀ ਵਾਕਿਆ ਹੀ ਵੱਡਾ ਪਿੰਡ, ਇੱਥੇ ਸ. ਨਿਰਮਲ ਸਿੰਘ ਸਹੋਤਾ ਦੇ ਪਰਿਵਾਰ ਨੂੰ ‘ਮਰਦਾਂ ਦਾ ਪਰਿਵਾਰ’ ਕਰ ਕੇ ਜਾਣਿਆ ਜਾਂਦਾ ਹੈ। ਮਰਦ ਹੋਣ ਦੀ ਇਹ ਅੱਲ ਉਸ ਦੇ ਅਤੇ ਉਸ ਦੇ ਹੋਣਹਾਰ ਪੁੱਤਰਾਂ ਅਰਵਿੰਦਰ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ ਨੇ ਅਮਰੀਕਾ ਆ ਕੇ ਵੀ ਕਾਇਮ ਰੱਖੀ ਹੈ। ਕਿਹਾ ਜਾਂਦਾ ਹੈ ਕਿ ਇਸ ਪਰਿਵਾਰ ਦੇ ਵੰਸ਼ ‘ਚੋਂ ਬਜ਼ੁਰਗ ਭਾਈ ਨੌਰੰਗ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਤੇ ਮੁਗ਼ਲਾਂ ਨਾਲ ਜੂਝਦਿਆਂ ਸ਼ਹਾਦਤ ਦਿੱਤੀ ਸੀ। ਪਰਿਵਾਰ ਨੇ ਆਪਣੇ ਖੂਹ ‘ਤੇ ਨੌਰੰਗ ਸਿੰਘ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਵੀ ਕਰਵਾਈ ਤੇ ਉਸ ਦੀ ਮਰਦਾਂ ਵਰਗੀ ਬਹਾਦਰੀ ਅਤੇ ਨਿਮਰਤਾ ਕਰ ਕੇ ਇਸ ਪਰਿਵਾਰ ਦੀ ਅੱਲ ‘ਮਰਦਾਂ ਦਾ ਪਰਿਵਾਰ’ ਪੈ ਗਈ। ਉਨ੍ਹਾਂ ਹਮੇਸ਼ਾ ਪਿੰਡ ਦੀ ਤਰੱਕੀ ਲਈ ਵਿਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ। ਨਿਰਮਲ ਸਿੰਘ ਦੇ ਪਰਿਵਾਰ ਨੇ ਪੁਰਾਣੇ ਹਸਪਤਾਲ ਲਈ ਥਾਂ ਦੇ ਕੇ ਪਹਿਲਾ ਸਰਕਾਰੀ ਹਸਪਤਾਲ ਖੋਲ੍ਹਣ ‘ਚ ਮਦਦ ਕੀਤੀ ਅਤੇ ਸਮੇਂ-ਸਮੇਂ ਪਿੰਡ ਦੇ ਲੜਕੇ ਤੇ ਲੜਕੀਆਂ ਦੇ ਸਕੂਲਾਂ ਦੀ ਉਸਾਰੀ ‘ਚ ਹੱਥ ਵੰਡਾਇਆ। ਮਾਣ ਨਾਲ ਕਿਹਾ ਜਾਂਦਾ ਹੈ ਕਿ ਬੜੇ ਪਿੰਡ ਦਾ ਇਹ ਉਹੀ ਸਤਿਕਾਰਯੋਗ ਟੱਬਰ ਹੈ ਜਿਸ ਨੇ ਸੰਨ 1962 ‘ਚ ਟਰੈਕਟਰ ਨਾਲ ਖੇਤੀ ਸ਼ੁਰੂ ਕੀਤੀ, ਪਿੰਡ ਵਾਲਿਆਂ ਨਾਲ ਰਲ ਕੇ ਪਹਿਲਾ ਨਗਰ ਕੀਰਤਨ ਆਰੰਭ ਕੀਤਾ ਤੇ ਜਿਹੜਾ ਬੜਾ ਪਿੰਡ ਹੁਣ ਕਬੱਡੀ ਕੱਪਾਂ ਕਰ ਕੇ ਪ੍ਰਸਿੱਧ ਹੈ, ਉੱਥੇ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਪਹਿਲਾ ਸਪੋਰਟਸ ਕਲੱਬ ਸਥਾਪਤ ਕੀਤਾ ਸੀ। ਅੱਟੀ ਰੋਡ ‘ਤੇ ਮਸ਼ਹੂਰ ਸੀਤਾ ਰਾਮ ਕੁਟੀਆ ਦੀ ਉਸਾਰੀ ਵਿਚ ਵੀ ਇਸੇ ਪਰਿਵਾਰ ਨੇ ਭਰਪੂਰ ਯੋਗਦਾਨ ਪਾਇਆ। ਪੱਤੀ ‘ਮਾਣੀਏ ਕੀ’ ਦੇ ਸਾਧੂ ਸਿੰਘ ਨਾਲ ਮਿਲ ਕੇ ਸਤਲੁਜ ਟਰਾਂਸਪੋਰਟ ਅਤੇ ਨਵਾਂਸ਼ਹਿਰ ਖੰਡ ਮਿੱਲ ਵਿਚ ਭਲੇ ਵੇਲਿਆਂ ‘ਚ ਇਹ ਟੱਬਰ ਚੰਗਾ ਹਿੱਸੇਦਾਰ ਸੀ।
ਬੜਾ ਪਿੰਡ ਦੇ ਇਸ ਟੱਬਰ ‘ਚ ਸ਼ਿਵ ਸਿੰਘ ਦੇ 6 ਬੱਚੇ ਸਨ, ਸਭ ਤੋਂ ਵੱਡਾ ਹੈ ਅਮਰੀਕਾ ਦਾ ਸਫਲ ਕਿਸਾਨ ਸ. ਨਿਰਮਲ ਸਿੰਘ ਸਹੋਤਾ। ਬਾਪੂ 1993 ‘ਚ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜਿਆ, ਪਰ ਖੁਸ਼ਕਿਸਮਤੀ ਕਿ 106 ਸਾਲਾ ਮਾਂ ਸਰਦਾਰਨੀ ਬਖਸ਼ੀਸ਼ ਕੌਰ ਆਪਣੇ ਸਭ ਤੋਂ ਛੋਟੇ ਪੁੱਤਰ ਜਸਕਰਨ ਸਿੰਘ ਸਹੋਤਾ ਕੋਲ ਕੈਨੇਡਾ ਰਹਿੰਦੀ ਹੈ। ਸੈਂਟਰਲ ਵੈਲੀ ਵਿਚ ਕਿਸੇ ਵੀ ਪੰਜਾਬੀ ਕੋਲ ਨਿਰਮਲ ਸਿੰਘ ਸਹੋਤਾ ਦਾ ਨਾਂਅ ਲਓਗੇ ਤਾਂ ਉਹ ਹੋਰ ਵੀ ਸਤਿਕਾਰ ਨਾਲ ਕਹੇਗਾ ‘ਮਰਦਾਂ ਕੇ’? ਉਹ ਇੱਥੇ ਬਹੁਤ ਸਾਰੇ ਲੋਕਾਂ ਲਈ ਆਦਰਸ਼ ਤੇ ਪ੍ਰੇਰਨਾ ਸਰੋਤ ਹੈ।
ਵਿਦੇਸ਼ ‘ਚ ਆ ਕੇ ਵਸਣ ਦੀ ਸੋਚ ਨਾਲ ਨਿਰਮਲ ਸਿੰਘ ਸਹੋਤਾ ਨੇ 1976 ‘ਚ ਬੜਾ ਪਿੰਡ ਛੱਡ ਦਿੱਤਾ ਤੇ ਫਿਰ ਜਰਮਨ ਜਾ ਕੇ ਚਾਰ ਕੁ ਸਾਲ ਕੰਮ ਕੀਤਾ। ਉਹ 1981 ‘ਚ ਅਮਰੀਕਾ ਪੁੱਜਿਆ ਤੇ ਫਿਰ ਪੂਰਾ ਪਰਿਵਾਰ ਪਤਨੀ ਸਰਦਾਰਨੀ ਬਲਵੀਰ ਕੌਰ, ਤਿੰਨ ਪੁੱਤਰ ਰਵਿੰਦਰ ਸਿੰਘ ਬਿੱਲਾ, ਭੁਪਿੰਦਰ ਸਿੰਘ ਭਿੰਦਾ, ਨਰਿੰਦਰ ਸਿੰਘ ਤੇ ਦੋ ਧੀਆਂ ਰਣਜੀਤ ਕੌਰ ਤੇ ਸੁਖਦੀਪ ਕੌਰ ਨੂੰ ਆਪਣੇ ਕੋਲ ਬੁਲਾ ਲਿਆ। ਨਿਰਮਲ ਸਿੰਘ ਨੂੰ ਨੇੜਿਓਂ ਜਾਣਨ ਵਾਲੇ ਉਹਦੀਆਂ ਦੋ ਖੂਬੀਆਂ ਦੀ ਗੱਲ ਵੀ ਅਕਸਰ ਕਰਦੇ ਹਨ। ਇਕ ਇਹ ਕਿ ਭਲੇ ਵੇਲਿਆਂ ‘ਚ ਭਾਵੇਂ ਉਸ ਨੇ ਪਿੰਡੋਂ ਮਿਡਲ ਤੇ ਅੱਟੇ ਦੇ ਸਕੂਲ ਤੋਂ ਦਸਵੀਂ ਪਾਸ ਕਰ ਲਈ ਸੀ ਪਰ ਖੇਤੀ ਨਾਲ ਮੋਹ ਹੋਣ ਕਾਰਨ ਉਹ ਸਰਕਾਰੀ ਨੌਕਰੀ ਵੱਲ ਨਹੀਂ ਗਿਆ। ਦੂਜਾ ਵੱਡਾ ਗੁਣ ਉਹਦੀ ਸ਼ਖ਼ਸੀਅਤ ਦਾ ਇਹ ਸੀ ਕਿ ਉਹ ਸਮਾਜਿਕ ਸਰੋਕਾਰਾਂ ‘ਚ ਪਿੰਡ ‘ਚ ਰਹਿੰਦਿਆਂ ਵੀ ਹਮੇਸ਼ਾ ਅੱਗੇ ਰਿਹਾ। ਗੁਰੂਘਰਾਂ ਦੀ ਸੇਵਾ ਤੋਂ ਲੈ ਕੇ ਖੇਡਾਂ ‘ਚ ਹਿੱਸਾ ਪਾਉਣਾ, ਲੋੜਵੰਦਾਂ ਦੀ ਮਦਦ, ਗ਼ਰੀਬ ਦੀ ਧੀ ਦਾ ਡੋਲਾ ਤੋਰਨਾ ਉਹਦੇ ਜ਼ਿੰਦਗੀ ਦੇ ਉਦੇਸ਼ ਸਨ ਤੇ ਇੱਥੇ ਆ ਕੇ ਵੀ ਉਸ ਨੇ ਸਮਾਜਿਕ ਕਾਰਜਾਂ ਦੇ ਨਾਲ-ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੱਗੇ ਤੋਰਨ ‘ਚ ਚੰਗਾ ਯੋਗਦਾਨ ਪਾਇਆ। ਬੜਾ ਪਿੰਡ ਜਾਂ ਆਲੇ-ਦੁਆਲੇ ਦੇ ਕਿਸੇ ਪਿੰਡੋਂ ਕੋਈ ਨਵਾਂ ਪਰਿਵਾਰ ਅਮਰੀਕਾ ਆਵੇ ਤੇ ਚਾਹੇ ਕੋਈ ਹੱਦ ਸਰਹੱਦ ਟੱਪ ਕੇ ਆਇਆ ਹੋਵੇ ਫਿਰ ਨਿਰਮਲ ਸਿੰਘ ਮਦਦ ਲਈ ਅੱਗੇ ਹੋ ਕੇ ਬਾਂਹ ਫੜ ਲੈਂਦਾ ਸੀ।
ਨਿਰਮਲ ਸਿੰਘ ਸਹੋਤਾ ਨੇ ਅਮਰੀਕਾ ਆ ਕੇ ਪਹਿਲਾਂ ਨਿੱਕੇ-ਮੋਟੇ ਕੰਮ ਕੀਤੇ, ਖੱਤਿਆਂ ‘ਚ ਪਿਤਾ ਪੁਰਖੀ ਕੰਮ ਨੂੰ ਤਰਜੀਹ ਵੀ ਦਿੱਤੀ, ਅਮਰੀਕਾ ਦੀ ਖੇਤੀ ਨੂੰ ਸਮਝਿਆ, ਸ਼ਨੀਵਾਰ, ਐਤਵਾਰ ਡੋਨਟ ਸ਼ਾਪ ‘ਤੇ ਸੱਤੇ ਦਿਨ ਕੰਮ ਕੀਤਾ। ਮਿਹਨਤੀ ਪ੍ਰਵਿਰਤੀ ਨੇ ਜ਼ਿਮੀਂਦਾਰਾ ਕੰਮ-ਧੰਦੇ ‘ਚ ਸਫਲਤਾ ਦਾ ਜਿੰਦਰਾ ਪਹਿਲੀ ਚਾਬੀ ਨਾਲ ਉਦੋਂ ਖੋਲ੍ਹ ਦਿੱਤਾ ਜਦੋਂ ਜੱਟ ਦੇ ਪੁੱਤ ਨੂੰ ਲੱਗਾ ਕਿ ਖੇਤੀ ਰਾਸ ਆਏਗੀ ਤੇ ਸੌ ਕੁ ਏਕੜ ਜ਼ਮੀਨ ਖਰੀਦ ਲਈ। ਸੌਗੀ ਵਾਲੇ ਅੰਗੂਰ ਪੈਦਾ ਕੀਤੇ, ਫਿਰ ਜ਼ਮੀਨ ਹੋਰ ਖ਼ਰੀਦ ਲਈ ਤੇ ਫਿਰ ਹੋਰ…। ਟੇਬਲ ਗਰੇਪਸ (ਖਾਣ ਵਾਲੇ ਅੰਗੂਰ) ਵੀ ਚੰਗੇ ਪੈਦਾ ਕੀਤੇ। ਪਹਿਲਿਆਂ ‘ਚ ਹਜ਼ਾਰਾਂ ਏਕੜ ਦੀ ਅਜਿਹੀ ਫਲਦਾਰ ਫ਼ਸਲ ਦੀ ਕਾਸ਼ਤ ਕਰਨ ਵਾਲਾ ਪੰਜਾਬੀ ਨਿਰਮਲ ਸਿੰਘ ਸਹੋਤਾ ਹੀ ਸੀ। ਭਾਵੇਂ ਭਰਾਵਾਂ ਦੀ ਵੰਡ ‘ਤੇ ਪੁੱਤਰਾਂ ਦੇ ਹੋਰ ਕਾਰੋਬਾਰਾਂ ‘ਚ ਚਲੇ ਜਾਣ ਕਾਰਨ ਖੇਤਾਂ ਦੀ ਗਿਣਤੀ ਘਟ ਗਈ ਹੋਵੇ ਪਰ ਜ਼ਿੰਦਗੀ ਦੇ 70ਵਿਆਂ ਤੋਂ ਉੱਪਰਲੇ ਪੜਾਅ ਵਿਚ ਅੱਜ ਵੀ ਨਿਰਮਲ ਸਿੰਘ ਦੀ ਮਿਹਨਤੀ ਪ੍ਰਵਿਰਤੀ ਉਵੇਂ ਕਾਇਮ ਹੈ। ਉਹਨੇ ਅੱਜਕਲ੍ਹ ਸੌਗੀ, ਅੰਗੂਰਾਂ ਅਤੇ ਆੜੂਆਂ ਦੀ ਕਾਸ਼ਤ ਨੂੰ ਬਦਾਮਾਂ ਤੇ ਪਿਸਤੇ ਦੇ ਉਤਪਾਦਨ ਵਿਚ ਬਦਲ ਲਿਆ ਹੈ। ਊਂ ਹਿਸਾਬ-ਕਿਤਾਬ ‘ਚ ਦੋਵੇਂ ਪੁੱਤਰ ਚੰਗਾ ਸਹਿਯੋਗ ਕਰਦੇ ਹਨ, ਉਹਨੂੰ ਜ਼ਿੰਦਗੀ ਵਿਚ ਸਭ ਤੋਂ ਵੱਡਾ ਝਟਕਾ ਇਹ ਲੱਗਾ ਸੀ ਜਦੋਂ ਜਵਾਨ ਪੁੱਤਰ ਭੁਪਿੰਦਰ ਸਿੰਘ ਦੀ 1990 ‘ਚ ਇਕ ਸੜਕ ਹਾਦਸੇ ‘ਚ ਮੌਤ ਹੋ ਗਈ।
ਸੈਲਮਾ ਦੇ ਖੇਤਾਂ ‘ਚ ਕਿਤੇ ਨਿਰਮਲ ਸਿੰਘ ਸਹੋਤਾ ਦਾ ਘਰ ਦੇਖ ਕੇ, ਮਨ ਝੂਮ ਉੱਠਦਾ ਹੈ ਤੇ ਇਸ ਨੂੰ ਖੇਤਾਂ ‘ਚ ਮਹਿਲ ਕਿਹਾ ਜਾ ਸਕਦਾ ਹੈ। ਇਨ੍ਹਾਂ ਪ੍ਰਾਪਤੀਆਂ ਨੂੰ ਉਹ ਮਿਹਨਤ ਦਾ ਹੀ ਇੰਤਕਾਲ ਮੰਨਦਾ ਹੈ। ਨਿਰਮਲ ਸਿੰਘ ਸਹੋਤਾ ਦਾ ਵੱਡਾ ਬੇਟਾ ਅਰਵਿੰਦਰ ਸਿੰਘ ਸਹੋਤਾ ਉਰਫ ਬਿੱਲਾ ਇੰਡਸਟਰੀਅਲ ਇਲੈਕਟ੍ਰੀਸ਼ੀਅਨ ਪੀ.ਐੱਸ.ਸੀ. ਪ੍ਰੋਗਰਾਮਰ ਹੈ। ਬਿੱਲੇ ਦੀ ਪਤਨੀ ਹਰਿੰਦਰ ਕੌਰ, ਦੋ ਲੜਕੀਆਂ ਤੇ ਦੋ ਲੜਕੇ ਹਨ ਤੇ ਅੰਕੜਾ ਇਹ ਹੈ ਕਿ ਬੱਚੇ ਯੂ.ਸੀ. ਸੈਨ ਡਿਆਗੋ, ਬਰਕਲੇ, ਸਟੈਨਫੋਰਡ, ਹਾਵਰਡ ਆਦਿ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਹਨ। ਨਿੱਕ ਸਹੋਤਾ ਦੇ ਨਾਂਅ ਨਾਲ ਪੰਜਾਬੀ ਭਾਈਚਾਰੇ ‘ਚ ਪਛਾਣ ਰੱਖਣ ਵਾਲਾ ਪੁੱਤਰ ਨਰਿੰਦਰ ਸਿੰਘ ਸਹੋਤਾ ਸਿਵਲ ਇੰਜਨੀਅਰਿੰਗ ਦੀ ਵੱਡੀ ਕੰਪਨੀ ਦਾ ਮਾਲਕ ਹੈ ਅਤੇ ਅਮਰੀਕੀ ਰਾਜਨੀਤੀ ‘ਚ ਦਿਲਚਸਪੀ ਵੀ ਰੱਖਦਾ ਹੈ। ਹਾਲ ਹੀ ਵਿਚ ਉਹ ਸੈਲਮਾ ਯੂਨੀਫਾਈਡ ਸਕੂਲ ਡਿਸਟ੍ਰਿਕ ਦਾ ਡਾਇਰੈਕਟਰ ਵੀ ਚੁਣਿਆ ਗਿਆ ਹੈ ਤੇ ਨਰਿੰਦਰ ਸਿੰਘ ਆਪਣੇ ਪਿਤਾ ਸ. ਨਿਰਮਲ ਸਿੰਘ ਦੀ ਛਤਰ-ਛਾਇਆ ‘ਚ ਆਪਣੀ ਪਤਨੀ ਮਨਬੀਰ ਕੌਰ ਤੇ ਦੋ ਬੇਟੀਆਂ ਤੇ ਇਕ ਬੇਟੇ ਨਾਲ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਸੰਗ ਢੇਸੀਆਂ (ਜਲੰਧਰ) ‘ਚ ਜਦੋਂ ਲੜਕੀਆਂ ਦਾ ਕਾਲਜ ਬਣਿਆ ਤਾਂ ਨਿਰਮਲ ਸਿੰਘ ਸਹੋਤਾ ਨੇ ਹੋਰਨਾਂ ਦਾਨੀਆਂ ਵਾਂਗ ਸਹਿਯੋਗ ਵਿਤੋਂ ਵੱਧ ਦਿੱਤਾ।
ਅਮਰੀਕਨਾਂ ਵਾਂਗ ਨਿਰਮਲ ਸਿੰਘ ਨੇ ਕਦੇ ਵੀ ਥਕੇਵੇਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਤੇ ਘੜੀ ਦੇਖ ਕੇ ਕੰਮ ਨਹੀਂ ਕੀਤਾ। ਉਹ ਹੱਸ ਕੇ ਕਹੇਗਾ ਕਿ ਖੁਸ਼ਹਾਲ, ਸਿਹਤਮੰਦ ਅਤੇ ਦੌਲਤਮੰਦ ਲੋਕਾਂ ਦੇ ਜੀਵਨ ਦੀ ਸ਼ਾਨ ਮਿਹਨਤ ਤੇ ਮੁਸ਼ਕਿਲਾਂ ਵਿਚੋਂ ਹੀ ਨਿਕਲੀ ਹੁੰਦੀ ਹੈ।