ਗੁਰਪ੍ਰੀਤ ਸਿੰਘ ਸਹੋਤਾ
ਗੁਰਪ੍ਰੀਤ ਸਿੰਘ ਸਹੋਤਾ ਦਾ ਸਬੰਧ ਪੱਤੀ ਕਮਾਲਪੁਰ ਨਾਲ ਹੈ ਅਤੇ ਅੱਜਕਲ੍ਹ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਖੂਬਸੂਰਤ ਸ਼ਹਿਰ ਵੈਨਕੂਵਰ ਨਾਲ ਲੱਗਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਮਸ਼ਹੂਰ ਸ਼ਹਿਰ ਸਰੀ ਵਿਖੇ ਰਹਿ ਰਿਹਾ ਹੈ। ਇਸ ਇਲਾਕੇ ਵਿੱਚ ਬੜਾ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਤੋਂ ਪ੍ਰਵਾਸ ਕਰਕੇ ਕੈਨੇਡਾ ਪਹੁੰਚੇ ਹਜ਼ਾਰਾਂ ਲੋਕ ਵਸਦੇ ਹਨ।
1976 ਵਿੱਚ ਜਨਮਿਆ ਗੁਰਪ੍ਰੀਤ ਸਿੰਘ ਸਹੋਤਾ, ਜਿਸਨੂੰ ਜ਼ਿਆਦਾਤਰ ਲੋਕ ਲੱਕੀ ਸਹੋਤਾ ਦੇ ਨਾਮ ਨਾਲ ਜਾਣਦੇ ਹਨ, ਇਸ ਵਕਤ ਵਕਤ ਸਰੀ ਤੋਂ ਪਿਛਲੇ 23 ਸਾਲਾਂ ਤੋਂ ਛਪਦੇ ਆ ਰਹੇ ਦੋ ਅਖਬਾਰਾਂ ਚੜ੍ਹਦੀ ਕਲਾ ਇੰਟਰਨੈਸ਼ਨਲ ਅਤੇ ਅਕਾਲ ਗਾਰਡੀਅਨ ਦਾ ਮੁੱਖ ਸੰਪਾਦਕ ਹੈ। ਚੜ੍ਹਦੀ ਕਲਾ ਅਖਬਾਰ ਪੂਰੇ ਕੈਨੇਡਾ-ਅਮਰੀਕਾ ’ਚ ਪੜਿਆ ਜਾਂਦਾ ਹੈ ਜਦਕਿ ਅਕਾਲ ਗਾਰਡੀਅਨ ਵੈਨਕੂਵਰ ਇਲਾਕੇ ਦਾ ਪ੍ਰਮੁੱਖ ਪੰਜਾਬੀ ਅਖਬਾਰ ਹੈ। ਕੈਨੇਡੀਅਨ ਪੱਤਰਕਾਰੀ ਦੇ ਖੇਤਰ ਵਿੱਚ ਗੁਰਪ੍ਰੀਤ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਪੰਜਾਬੀ ਪ੍ਰੈਸ ਕਲੱਬ ਦਾ ਜਨਰਲ ਸਕੱਤਰ ਹੈ।
ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ ਵਿੱਚੋਂ ਐਕਸੀਅਨ ਦੇ ਅਹੁਦੇ ਤੋਂ ਰਿਟਾਇਰ ਹੋਏ ਸ. ਹਰਮਿੰਦਰ ਸਿੰਘ ਸਹੋਤਾ ਸਪੁੱਤਰ ਸ. ਮਹਿੰਗਾ ਸਿੰਘ ਸਹੋਤਾ ਦੇ ਘਰ ਜਨਮਿਆ ਗੁਰਪ੍ਰੀਤ ਪੰਜਾਬ ਦੇ
ਕਈ ਸ਼ਹਿਰਾਂ ’ਚ ਪੜ੍ਹਿਆ ਹੈ। ਰਾਮਗੜ੍ਹੀਆ ਪੌਲੀਟੈਕਨਿਕ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਕਰਨ ਉਪਰੰਤ ਫਿਲੌਰ ਨੇੜੇ ਪੈਪਸੀ ਪਲਾਂਟ ’ਚ ਉਸਨੇ 6 ਮਹੀਨੇ ਬਤੌਰ ਪਲਾਂਟ ਇੰਜੀਨੀਅਰ ਕੰਮ ਕੀਤਾ ਅਤੇ ਫਿਰ 1996 ਵਿੱਚ ਕੈਨੇਡਾ ਆ ਗਿਆ।
ਕੁਝ ਸਮਾਂ ਲੇਬਰ ਦਾ ਕੰਮ ਕੀਤਾ ਅਤੇ ਫਿਰ ਕਾਲਜ ਸਮੇਂ ਦੀ ਲੇਖਣੀ ਅਤੇ ਲਿਖਣ-ਪੜ੍ਹਨ ਦੇ ਸ਼ੌਕ ਨੇ ਉਸਨੂੰ ਚੜ੍ਹਦੀ ਕਲਾ ਨਿਊਜ਼ ਗਰੁੱਪ ਨਾਲ ਕੰਮ ਕਰਨ ਦਾ ਮੌਕਾ ਬਖਸ਼ਿਆ। 1997 ਤੋਂ ਇਸ ਗਰੁੱਪ ਨਾਲ ਜੁੜਿਆ ਗੁਰਪ੍ਰੀਤ ਤਰੱਕੀ ਕਰਦਿਆਂ ਕਰਦਿਆਂ 2004 ਵਿੱਚ ਮੁੱਖ ਸੰਪਾਦਕ ਨਿਯੁਕਤ ਹੋ ਗਿਆ।
ਆਪਣੇ ਮਾਤਾ-ਪਿਤਾ, ਸੁਪਤਨੀ, ਦੋ ਲੜਕੀਆਂ ਅਤੇ ਇੱਕ ਲੜਕੇ ਨਾਲ ਪਰਿਵਾਰਕ ਜੀਵਨ ਬਤੀਤ ਕਰਦਾ ਗੁਰਪ੍ਰੀਤ ਸਿੰਘ ਉਰਫ ਲੱਕੀ ਪੰਜਾਬੀ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਆਪਣੇ ਪਿੰਡ ਅਤੇ ਆਪਣੇ ਪਿੰਡ ਵਾਸੀਆਂ ਉਤੇ ਉਸਨੂੰ ਸਦਾ ਹੀ ਮਾਣ ਰਿਹਾ ਹੈ। ਆਪਣੇ ਪਿੰਡ ਅਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨ ਲਈ ਉਸ ਨੂੰ ਪਿੰਡ ਵਾਸੀਆਂ ਦੇ ਅਸ਼ੀਰਵਾਦ ਦੀ ਲੋੜ ਹੈ।
ਉਸ ਨਾਲ ਸੰਪਰਕ ਕਰਨ ਲਈ 604-598-7771 ਜਾਂ 604-590-6397 ’ਤੇ ਜਾਂ email: cknewsgroup@yahoo.com ’ਤੇ ਸੰਪਰਕ ਕੀਤਾ ਜਾ ਸਕਦਾ ਹੈ।