ਹੁਕਮਨਾਮਾ ਗੁਰਦੁਆਰਾ ਬਾਬਾ ਸਿਧਾਣਾ ਜੀ 4 ਜੂਨ 2020

ਧਨਾਸਰੀ ਮਹਲਾ ੫ ॥

ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥ {ਪੰਨਾ 682}

ਅਰਥ:

 ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ।੧।ਰਹਾਉ।

ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ। ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ।੧।

ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ। ਹੇ ਨਾਨਕ! ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ।੨।੧੭।੪੮।