ਬਲਦੇਵ ਸਿੰਘ ਖਹਿਰਾ ਸਾਡੇ ਹਲਕਾ ਫਿਲੌਰ ਤੋਂ ਮੌਜ਼ੂਦਾ ਵਿਧਾਇਕ ਹਨ। ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ਤੇ 2017 ਵਿੱਚ ਵਿਧਾਨ ਸਭਾ ਹਲਕਾ (ਰਾਖਵਾਂ) ਤੋਂ ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ ਨੂੰ ਹਰਾ ਕੇ ਵਿਧਾਇਕ ਚੁਣੇ ਗਏ ਸਨ। ਸਮੁੱਚੇ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਕਰੀਏ ਤਾਂ 2017 ਵਿੱਚ ਬਲਦੇਵ ਸਿੰਘ ਖਹਿਰਾ ਨੂੰ 41336 ਵੋਟਾਂ ਮਿਲੀਆਂ ਸਨ। ਦੂਜੇ ਨੰਬਰ ਤੇ ਆਉਣ ਵਾਲੇ ਕਾਂਗਰਸ ਦੇ ਬਿਕਰਮਜੀਤ ਸਿੰਘ ਚੌਧਰੀ ਨੂੰ 37859, ਇਸੇ ਤਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕਡਿਆਣਾ ਨੂੰ 35779 ਨਾਲ ਤੀਜਾ ਸਥਾਨ ਮਿਲਿਆ ਸੀ। ਚੌਥੇ ਸਥਾਨ ਤੇ ਆਉਣ ਵਾਲੇ ਉਸ ਸਮੇਂ ਦੇ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ 28035 ਵੋਟਾਂ ਮਿਲੀਆਂ ਸਨ। ਇਹ ਸੀ ਸਮੁ੍ਚੇ ਹਲਕੇ ਦੀ ਗੱਲ। ਹੁਣ ਕਰਦੇ ਹਾਂ ਬੜਾਪਿੰਡ ਦੀ ਕਮਾਲਪੁਰ ਅਤੇ ਮਸੰਦਪੁਰ ਸਮੇਤ। ਬਲਦੇਵ ਸਿੰਘ ਖਹਿਰਾ 931 ਵੋਟਾਂ ਲੈ ਕੇ ਦੂਜੇ ਸਥਾਨ ਤੇ ਆਏ ਸਨ। ਬੜਾਪਿੰਡ ਤੋਂ ਆਮ ਆਦਮੀ ਪਾਰਟੀ 1178 ਵੋਟਾਂ ਲੈ ਕੇ ਪਹਿਲੇ ਸਥਾਨ ਤੇ ਆਈ ਸੀ। ਕਾਂਗਰਸ ਨੂੰ 875 ਅਤੇ ਬਸਪਾ ਨੂੰ 421 ਵੋਟਾਂ ਪਈਆਂ ਸਨ।
ਬਲਦੇਵ ਸਿੰਘ ਖਹਿਰਾ ਇਸ ਤੋਂ ਪਹਿਲਾਂ 2012 ਵਿੱਚ ਵੀ ਵਿਧਾਨ ਸਭਾ ਹਲਕਾ (ਰਾਖਵਾਂ) ਤੋਂ ਬਸਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਸਨ। ਉਸ ਸਮੇਂ ਉਹ 42328 ਵੋਟਾਂ ਲੈ ਕੇ ਤੀਜੇ ਸਥਾਨ ਤੇ ਆਏ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਵਿਨਾਸ਼ ਚੰਦਰ ਨੂੰ 46115 ਵੋਟਾਂ ਨਾਲ ਹਲਕਾ ਫਿਲੌਰ ਦੀ ਵਿਧਾਇਕੀ ਨਸੀਬ ਹੋਈ ਸੀ ਅਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ (ਹੁਣ ਸਾਂਸਦ ਹਲਕਾ ਜਲੰਧਰ) 46084 ਵੋਟਾਂ ਨਾਲ ਦੂਜੇ ਸਥਾਨ ਤੇ ਆਏ ਸਨ।
2012 ਤੋਂ ਪਹਿਲਾਂ ਬਲਦੇਵ ਸਿੰਘ ਖਹਿਰਾ ਨੇ ਬਸਪਾ ਦੇ ਉਮੀਦਵਾਰ ਵਜੋਂ ਸਰੂਪ ਸਿੰਘ ਢੇਸੀ ਅਤੇ ਮੱਖਣ ਸਿੰਘ ਖਹਿਰਾ ਨੂੰ ਹਰਾ ਕੇ ਜ਼ਿਲਾ ਪ੍ਰੀਸ਼ਦ ਹਲਕਾ ਗੰਨਾ ਪਿੰਡ ਤੋਂ ਜਿੱਤ ਹਾਂਸਿਲ ਕੀਤੀ ਸੀ। ਉਹ ਰਾਜਨੀਤੀ ਵਿੱਚ ਬਹੁਤ ਦੇਰ ਬਾਅਦ ਆਏ। ਉਨਾਂ ਦੇ ਦਾਦਾ ਜੀ ਸ੍ਰੀ ਗੁਰਮੀਤ ਰਾਮ ਜੀ ਪਿੰਡ ਖਹਿਰਾ ਦੇ ਲਗਾਤਾਰ 30-35 ਸਾਲ ਸਰਪੰਚ ਰਹੇ। ਉਨਾਂ ਦੀ ਮਾਤਾ ਜੀ ਸ੍ਰੀਮਤੀ ਗੁਰਮੇਜ ਕੌਰ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਬਲਦੇਵ ਸਿੰਘ ਖਹਿਰਾ ਨੇ ਗ੍ਰੈਜੂਏਸ਼ਨ ਤੱਕ ਦੀ ਵਿਦਿਆ ਪ੍ਰਾਪਤ ਕੀਤੀ ਹੈ। ਉਨਾਂ ਦੀ ਪਤਨੀ ਸ੍ਰੀਮਤੀ ਭਾਵਨਾ ਵੀ ਉਨਾਂ ਨਾਲ ਪੂਰਾ ਸਾਥ ਦੇ ਰਹੇ ਹਨ।
ਮਿਲਣਸਾਰ ਸੁਭਾਅ ਦੇ ਮਾਲਕ ਹੋਣ ਕਾਰਨ ਲੋਕਾਂ ਦੇ ਨੇੜੇ ਰਹਿੰਦੇ ਹਨ। ਅਣਜਾਣ ਬੰਦੇ ਦਾ ਫੋਨ ਵੀ ਸੁਣ ਲੈੰਦੇ ਹਨ। ਪਿੰਡਾਂ ਵਿੱਚ ਕਾਫੀ ਪੈਂਠ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਨੇ ਬਲਦੇਵ ਸਿੰਘ ਖਹਿਰਾ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਫਿਲੌਰ (ਰਾਖਵਾਂ) ਤੋਂ ਆਪਣਾ ਸਾੰਝਾ ਉਮੀਦਵਾਰ ਐਲਾਣਿਆ ਹੈ। ਇੱਕ ਅਤੇ ਇੱਕ ਗਿਆਰਾਂ ਵਾਲੀ ਗੱਲ ਹੋ ਸਕਦੀ ਹੈ।
ਉਕਤ ਚੋਣ ਆਂਕੜੇ ਸ੍ਰੀ ਬਹਾਦਰ ਰਾਮ ਕਲੇਰ ਤੋਂ ਪ੍ਰਾਪਤ ਕੀਤੇ ਹਨ।