ਸੀ.ਐਚ.ਸੀ. ਬੜਾ ਪਿੰਡ ਵਲੋਂ ਵਿਸ਼ਵ ਹਾਰਟ ਦਿਵਸ ਮਨਾਇਆ
ਦਿਲ ਦੇ ਰੋਗਾਂ ਤੋਂ ਬਚਾਅ ਸਬੰਧੀ ਜਾਗਰੁਕਤਾ ਪੈਦਾ ਕਰਨ ਲਈ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਹਾਰਟ ਦਿਵਸ, ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਡਾ ਜਤਿੰਦਰ ਸਿੰਘ ਨੇ ਦੱਸਿਆ ਕਿ ਦਿਲ ਦੇ ਰੋਗ ਵਿਸ਼ਵ ਵਿੱਚ ਮੌਤ ਦਾ ਸਬ ਤੋਂ ਵੱਡਾ ਕਾਰਨ ਬਣ ਰਹੇ ਹਨ ਅਤੇ ਹਰ ਸਾਲ 1 ਕਰੋੜ 80 ਲੱਖ ਦੇ ਕਰੀਬ ਮੌਤਾਂ ਸਿਰਫ ਇਸ ਕਾਰਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਇਸਤੇਮਾਲ, ਅਸੰਤੁਲਿਤ ਭੋਜਨ ਸਰੀਰਿਕ ਸਹਿਭਾਗਿਤਾ ਦਾ ਘਟਣਾ ਦਿਲ ਦੇ ਰੋਗਾਂ ਦੇ ਵੱਧਣ ਦਾ ਪ੍ਰਮੁੱਖ ਕਾਰਨ ਹਨ।
ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਚਿਕਨਾਈ ਦੇ ਭੋਜਨ ਦਾ ਵਧੇਰੇ ਇਸਤੇਮਾਲ ਕਾਰਨ ਦਿਲ ਦੇ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ। ਜਿਹੜੇ ਵਿਅਕਤੀ ਸ਼ਰੀਰਕ ਤੌਰ ਤੇ ਘੱਟ ਕਾਰਜਸ਼ੀਲ ਹਨ ਉਨ੍ਹਾਂ ਨੂੰ ਚਿਕਨਾਈ ਦੀ ਵਰਤੋਂ ਘੱਟਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਰੀਰਿਕ ਸਹਿਭਾਗਿਤਾ ਘੱਟਣ ਕਾਰਨ ਅਤੇ ਵਧੇਰੇ ਤਨਾਅ ਹੋਣ ਕਾਰਨ ਘੱਟ ਉਮਰ ਵਿੱਚ ਵੀ ਲੋਕ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ 25 ਫੀਸਦੀ ਦੇ ਕਰੀਬ ਦਿਲ ਦੇ ਰੋਗ ਹੁਣ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪਾਏ ਜਾ ਰਹੇ ਹਨ, ਜੋਕਿ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਭੋਜਨ ਨੂੰ ਆਪਣੀ ਸ਼ਰੀਰਿਕ ਸਹਿਭਾਗਿਤਾ ਦੇ ਅਨੁਸਾਰ ਹੀ ਸੰਤੁਲਿਤ ਕਰਨ ਲਈ ਕਿਹਾ। ਇਸ ਮੌਕੇ ਤੇ ਐਲ ਐਚ ਵੀ ਹਰਦੀਪ ਕੌਰ ਤੇ ਏਨਮ ਸੁਨੀਤਾ, ਆਸ਼ਾ ਵਰਕਰਜ ਮੌਕੇ ਤੇ ਮੌਜੂਦ ਸਨ।