ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਅਤੇ ਇਸ ਦੇ ਅਧੀਨ ਆਉਂਦੇ ਸਿਹਤ ਕੇਂਦਰਾਂ ਤੇ “ਵਿਸ਼ਵ ਬਲੱਡ ਡੋਨਰ ਡੇ” ਮਨਾ ਕੇ ਖੂਨ ਦਾਨ ਕਰਨ ਵਾਲੇ ਲੋਕਾਂ ਪ੍ਰਤੀ ਸਨਮਾਨ ਪ੍ਰਗਟ ਕੀਤਾ ਗਿਆ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਨੇ ਕਿਹਾ ਖੂਨਦਾਨ ਕਰਕੇ ਹੋਰਾ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਮੈਡੀਕਲ ਅਫ਼ਸਰ ਡਾ ਮਮਤਾ ਗੌਤਮ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲੱਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਸਮੇਂ ਕਈ ਜਰੂਰੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਜਿਵੇਂ ਕਿ ਐਚ ਆਈ ਵੀ, ਹੈਪਾਟਾਟਿਸ ਸੀ ਪਾੱਜਿਟਿਵ ਆਉਣ ਦੀ ਸੂਰਤ ਵਿੱਚ ਖੂਨਦਾਨ ਨਹੀਂ ਕੀਤਾ ਜਾ ਸਕਦਾ। ਖੂਨ ਦੇਣ ਤੋਂ 24 ਘੰਟੇ ਪਹਿਲਾਂ ਸ਼ਰਾਬ, ਸਿਗਰਟ ਜਾਂ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ। ਖੂਨ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਖੂਨ ਦਾਨ ਕੀਤਾ ਜਾਣਾ ਚਾਹੀਦਾ ਹੈ। ਮੈਡੀਕਲ ਅਫ਼ਸਰ ਡਾ ਜੀਵੀਤੇਸ਼ ਨੇ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਤੇ ਸਟਾਫ ਵੱਲੋਂ ਖ਼ੂਨਦਾਨ ਕਰਨ ਲਈ ਸ਼ਪਥ ਲਈ ਗਈ। ਇਸ ਮੌਕੇ ਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਬਲਜਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਸੋਨਿਆਂ, ਆਯੁਰਵੈਦਿਕ ਮੈਡੀਕਲ ਅਫਸਰ ਡਾ ਵਰੁਣ ਤੇ ਸਮੂਹ ਸਟਾਫ ਮੌਜੂਦ ਸੀ।