ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਅਬਾਦੀ ਦਿਵਸ ਮਨਾਇਆ
ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਲੋਕਾਂ ਵਿੱਚ ਪਰਿਵਾਰ ਨਿਯੋਜਿਨ ਦੇ ਲਾਭ ਅਤੇ ਵੱਧਦੀ ਆਬਾਦੀ ਦੇ ਦੁਸ਼ ਪ੍ਰਭਾਵਾ ਸਬੰਧੀ ਜਾਣਕਾਰੀ ਪੈਂਦਾ ਕਰਨ ਲਈ ਵਿਸ਼ਵ ਆਬਾਦੀ ਦਿਵਸ ਸਿਵਲ ਸਰਜਨ ਡਾ ਰਮਨ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ । ਇਹ ਦਿਨ 11 ਜੁਲਾਈ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਬੋਲਦਿਆਂ ਆਯੂਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਯੋਗ ਜੋੜਿਆਂ ਨੂੰ ਸੀਮਿਤ ਪਰਿਵਾਰ ਦੀ ਮਹੱਤਤਾ ਪ੍ਰਤੀ ਫੀਲਡ ਸਟਾਫ ਵੱਲੋਂ ਦੱਸਿਆ ਜਾ ਰਿਹਾ ਉੱਥੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਿਰੰਤਰ ਵੱਧ ਰਹੀ ਅਬਾਦੀ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ, ਜਿਸ ‘ਤੇ ਕਾਬੂ ਪਾਉਣ ਲਈ ਜਿੱਥੇ ਸਰਕਾਰ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਉੱਥੇ ਇਸ ਕਾਰਜ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਕ ਯਤਨਾਂ ਦੀ ਵੀ ਲੋੜ ਹੈ।ਉਨ੍ਹਾਂ ਕਿਹਾ ਕਿ ਅਬਾਦੀ ਵਧਣ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਲੜਕੀ ਦੀ ਬਜਾਏ ਲੜਕੇ ਦੀ ਲਾਲਸਾ ਹੈ, ਪਰ ਮੋਜੂਦਾ ਸਮੇਂ ਕੋਈ ਵੀ ਖੇਤਰ ਅਜਿਹਾ ਨਹੀਂ ਰਿਹਾ, ਜਿਸ ਵਿੱਚ ਲੜਕੀਆਂ ਨੇ ਮੱਲ੍ਹਾਂ ਨਾ ਮਾਰੀਆਂ ਹੋਣ।ਉਨ੍ਹਾਂ ਕਿਹਾ ਕਿ ਸਿਹਤਮੰਦ ਪਰਿਵਾਰ ਲਈ ਲਾਜ਼ਮੀ ਹੈ ਕਿ ਦੋ ਬੱਚਿਆਂ ਦੇ ਜਨਮ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫ਼ਰਕ ਰੱਖਿਆ ਜਾਵੇ ਅਤੇ ਵਿਆਹ ਸਹੀ ਉਮਰ ਵਿੱਚ ਕੀਤਾ ਜਾਵੇ। ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਵਧਦੀ ਅਬਾਦੀ ਸਦਕਾ ਲੋਕਾਂ ਦੀ ਵੱਡੀ ਗਿਣਤੀ ਬੁਨਿਆਦੀ ਲੋੜਾਂ ਤੋਂ ਵਾਂਝੀ ਰਹਿ ਜਾਂਦੀ ਹੈ, ਜਿਸ ਲਈ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕੇ ਅਪਨਾਏ ਜਾ ਸਕਦੇ ਹਨ । ਹੈਲਥ ਸੁਪਰਵਾਈਜਰ ਸਤਨਾਮ ਨੇ ਕਿਹਾ ਕਿ 1951 ਵਿੱਚ ਭਾਰਤ ਦੀ ਆਬਾਦੀ 36 ਕਰੋੜ ਦੇ ਕਰੀਬ ਸੀ ਜੋ ਕਿ ਵੱਧਕੇ 139 ਕਰੋੜ ਦੇ ਕਰੀਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੰਨੀ ਤੇਜ਼ੀ ਨਾਲ ਆਬਾਦੀ ਦਾ ਵਧਣਾ ਵਿਕਾਸ ਦੇ ਰਾਹ ਵਿਚ ਨਿੱਤ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਰਿਹਾ ਹੈ ਅਤੇ ਵਧੀ ਆਬਾਦੀ ਕਰਕੇ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਤੇ ਪ੍ਰਦੂਸ਼ਣ ਆਦਿ ਵਿੱਚ ਵੀ ਵਾਧਾ ਹੋਇਆ ਹੈ।