ਬੜਾ ਪਿੰਡ, 28 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੋਵਿਡ -19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਡਾ ਜੋਤੀ ਫੁਕੇਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ/ਪ੍ਰਸਾਰ ਨੂੰ ਕਾਬੂ ਕਰਨ ਲਈ ਲੋਕ ਹਿੱਤ ਵਿੱਚ ਸਾਰੇ 22 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਕੇ ਲੋਕਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਭਾਵੇਂ ਸਰਕਾਰ ਨੇ ਮਨਰੇਗਾ ਅਧੀਨ ਕੰਮ ਕਰਨ ਵਾਲੇ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਜ਼ਰੂਰੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਫਿਰ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਰੇਗਾ ਅਧੀਨ ਸੁਪਰਵਾਈਜ਼ਰੀ ਸਰਪੰਚ/ਜੀ.ਆਰ.ਐੱਸ./ਕਾਮਿਆਂ ਦੇ ਨਾਲ-ਨਾਲ ਕੰਮ ਸ਼ੁਰੂ ਕਰਨ ਵਾਲੇ ਖੇਤਰਾਂ ਵਿੱਚ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸੁਪਰਵਾਈਜ਼ਰ ਇੱਕ ਵਿਆਪਕ ਕਾਰਜ ਯੋਜਨਾ ਇਸ ਢੰਗ ਨਾਲ ਵਿਕਸਤ ਕਰ ਸਕਦਾ ਹੈ ਕਿ ਉਹ ਕੰਮ ਵਾਲੀ ਥਾਂ `ਤੇ ਰਿਪੋਰਟ ਕਰਨ ਦੇ ਸਮੇਂ ਤੇ ਮਨਰੇਗਾ ਕਰਮਚਾਰੀਆਂ ਨੂੰ ਕੰਮ ਦੌਰਾਨ ਆਰਾਮ ਦੇਣ ਦੇ ਸਮੇਂ ਵਿੱਚ ਕੁੱਝ ਫਾਸਲਾ ਰੱਖੇ ਜਿਸ ਨਾਲ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਜਾਵੇ ਤੇ ਕੰਮ ਵਿੱਚ ਕੋਈ ਰੁਕਾਵਟ ਵੀ ਨਾ ਆਵੇ। ਇਸੇ ਤਰ੍ਹਾਂ, ਕਾਰਜ ਖੇਤਰ ਨੂੰ ਕਾਰਜ ਵਾਲੀ ਥਾਂ `ਤੇ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ ਕਿ ਮਨਰੇਗਾ ਕਰਮਚਾਰੀਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ।
ਡਾ ਜੋਤੀ ਫੁਕੇਲਾ ਨੇ ਅੱਗੇ ਕਿਹਾ ਕਿ ਬੁਖਾਰ ਜਾਂ ਹੋਰ ਲੱਛਣ ਜਿਵੇਂ ਖੰਘ/ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਨ ਵਾਲੇ ਮਨਰੇਗਾ ਕਰਮਚਾਰੀਆਂ ਨੂੰ ਘਰ ਵਿੱਚ ਹੀ ਰਹਿਣ ਅਤੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਨੂੰ ਸਲਾਹ ਦਿੱਤੀ ਜਾਏਗੀ ਕਿ ਉਹ ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਕਿਸੇ ਨੂੰ ਗਲੇ ਨਾ ਲਗਾਉਣ। ਮਨਰੇਗਾ ਸਟਾਫ਼ ਨੂੰ ਬਿਨਾਂ ਕੰਮ ਤੋਂ ਨਾ ਘੁੰਮਣ ਅਤੇ ਉਨ੍ਹਾਂ ਦੇ ਨਿਰਧਾਰਤ ਖੇਤਰ/ਸਾਈਟ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ।
ਉਨ੍ਹਾਂ ਅੱਗੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਰਪੰਚ/ਜੀਆਰਐਸ ਸਮੇਤ ਸਾਰਿਆਂ ਨੂੰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨਣੇ ਚਾਹੀਦੇ ਹਨ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਨੂੰ ਵੀ ਕਵਰ ਕਰੇ। ਕੱਪੜੇ ਦੇ ਮਾਸਕ ਨੂੰ ਵਰਤੋਂ ਬਾਅਦ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਹੱਥ ਧੋਣ ਅਤੇ ਰੋਗਾਣੂ-ਮੁਕਤ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਵਿਸਥਾਰ ਨਾਲ ਦੱਸਦਿਆਂ, ਉਨ੍ਹਾਂ ਕਿਹਾ ਕਿ ਕਾਰਜ ਵਾਲੀ ਥਾਂ `ਤੇ ਲੋੜੀਂਦੀ ਮਾਤਰਾ ਵਿਚ ਪਾਣੀ ਅਤੇ ਸਾਬਣ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਮਨਰੇਗਾ ਵਰਕਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਜਦੋਂ ਵੀ ਹੱਥ ਧੋਣ ਦਾ ਮੌਕਾ ਮਿਲੇ, ਉਹ ਘੱਟੋ-ਘੱਟ ਹੱਥਾਂ ਨੂੰ 40 ਸੈਕਿੰਡ ਤੱਕ ਚੰਗੀ ਤਰ੍ਹਾਂ ਧੋਣ, ਨਾਲ ਹੀ ਉਹ ਹਥੇਲੀ, ਹੱਥ ਦਾ ਪਿਛਲਾ ਪਾਸਾ, ਉਂਗਲਾਂ ਅਤੇ ਅੰਗੂਠੇ ਵਿਚਕਾਰ ਵੀ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਹੱਥ ਸਾਫ਼ ਕਰਨ। ਹਰ ਦੋ ਘੰਟੇ ਬਾਅਦ ਹੱਥ ਧੋਣ ਦੀ ਸਿਫਾਰਸ਼ ਗਈ ਹੈ। ਉੱਪਰ ਦੱਸੇ ਅਨੁਸਾਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਕੰਮ ਕਰਨ ਤੋਂ ਬਾਅਦ ਹੱਥ ਲਾਜ਼ਮੀ ਤੌਰ `ਤੇ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜੇ ਕੋਈ ਮਨਰੇਗਾ ਕਰਮਚਾਰੀ ਤੇਜ਼ ਬੁਖਾਰ/ਖੰਘ/ਛਿੱਕ/ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰੇ, ਤਾਂ ਉਹ ਖੁਦ ਸੁਪਰਵਾਈਜ਼ਰ ਨੂੰ ਇਸ ਦੀ ਜਾਣਕਾਰੀ ਦੇਵੇ ਅਤੇ ਸਮੇਂ ਸਿਰ ਬੀਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਲਈ ਤੁਰੰਤ ਡਾਕਟਰੀ ਸਲਾਹ ਲਵੇ। ਮਨਰੇਗਾ ਕਰਮਚਾਰੀਆਂ ਨੂੰ ਇੱਕ ਦੂਜੇ ਤੋਂ ਇਨਫੈਕਸ਼ਨ ਨੂੰ ਰੋਕਣ ਲਈ ਉਹਨਾਂ ਨੂੰ ਇਕ ਦੂਜੇ ਨਾਲ ਦੁਪਹਿਰ ਦੇ ਖਾਣੇ/ਸਨੈਕਸ ਇੱਕਠਿਆਂ ਨਹੀਂ ਖਾਣੇ ਚਾਹੀਦੇ।
ਜੇ ਕੋਈ ਕੰਮ ਦੌਰਾਨ ਸੰਪਰਕ ਵਿੱਚ ਆਉਣ ਕਰਕੇ ਕੋਵਿਡ-19 ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਸੇ ਨੂੰ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਤਾਂ ਜੋ ਬੀਮਾਰੀ ਦਾ ਸਹੀ ਕਾਰਨ ਪਤਾ ਲੱਗ ਸਕੇ ਤੇ ਪੀੜਤ ਦੀ ਅਗਲੇਰੀ ਕਾਰਵਾਈ ਲਈ ਡਾਕਟਰ ਦੀ ਸਹਾਇਤਾ ਕੀਤੀ ਜਾ ਸਕੇ।