Be a Hero, Serve the Community

ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਬਚਾਅ ਲਈ ਸਰਕਾਰ ਦੁਆਰਾ ਕਰਫਿਊ ਲਗਾਇਆ ਗਿਆ ਹੈ। ਜੋ ਕਿ 22 ਮਾਰਚ 2020 ਤੋਂ ਸ਼ੁਰੂ ਹੋਇਆ ਸੀ, ਜਿਸ ਦੀ ਮਿਆਦ 3 ਮਈ ਨੂੰ ਖਤਮ ਹੋ ਰਹੀ ਹੈ। ਜਿੱਦਾਂ ਦੇ ਹਾਲਾਤ ਹਨ, ਇਹ ਜ਼ਰੂਰੀ ਨਹੀਂ ਹੈ ਕਿ ਮਿਆਦ 3 ਮਈ ਨੂੰ ਖਤਮ ਹੀ ਹੋ ਜਾਵੇ। ਕਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਇਸ ਦੇ ਫੈਲਾਅ ਨੂੰ ਰੋਕਣ ਦਾ ਵਾਹਦ ਹੱਲ ਇੱਕ ਦੂਜੇ ਤੋਂ ਯਕੀਨੀ ਤੌਰ ਤੇ ਸਮਾਜਿਕ ਦੂਰੀ ਬਣਾਈ ਜਾਵੇ। ਅਸੀਂ ਇਸ ਸਮੇਂ ਜਦੋਂ ਸਾਰੇ ਕੰਮ ਧੰਦੇ ਬੰਦ ਹਨ, ਰੋਜ਼ਾਨਾ ਦਾ ਰਾਸ਼ਨ ਤਾਂ ਖੁਦ ਲੈ ਨਹੀਂ ਸਕਦੇ ਤਾਂ ਫਿਰ ਬਿਮਾਰ ਹੋਣ ਤੇ ਦਵਾਈ ਕਿੱਥੋਂ ਲੈ ਲਵਾਂਗੇ। ਟਿਕ ਕੇ ਨਾ ਬੈਠੇ ਤਾਂ ਆਪ ਵੀ ਮਰਾਂਗੇ ਤੇ ਹੋਰਾਂ ਨੂੰ ਵੀ ਮਾਰਾਂਗੇ।

ਇਸ ਲਈ ਮੇਰੇ ਕੁਝ ਸੁਝਾਅ ਹਨ, ਜੇ ਚੰਗੇ ਲੱਗੇ ਤਾਂ ਮੰਨ ਲਿਓ, ਤੁਸੀਂ ਤਾਂ ਖੁਦ ਸਿਆਣੇ ਹੋ।

ਪਿੰਡ ਵਿੱਚ ਰਾਸ਼ਨ ਵੰਡਣ ਲਈ ਇੱਕ ਸਾਂਝੀ ਕਮੇਟੀ ਹੋਣੀ ਚਾਹੀਦੀ ਹੈ, ਜਿਸ ਵਿੱਚ ਸਰਪੰਚ, ਸਾਬਕਾ ਸਰਪੰਚ, ਪੰਚ, ਪੰਜ-ਛੇ ਪਤਵੰਤੇ ਸੱਜਣ ਹੋਣੇ ਚਾਹੀਦੇ ਹਨ। ਸਮੂਹ ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਮਿਲ ਸਕੇ। ਰਾਸ਼ਨ ਵੰਡਣ ਲਈ ਵੱਡੀ ਭੀੜ ਦੀ ਜ਼ਰੂਰਤ ਨਹੀਂ ਹੈ। ਪੰਚਾਇਤ ਅਤੇ ਪਤਵੰਤੇ ਸੱਜਣ ਹੀ ਕਾਫੀ ਹਨ, ਇਸ ਕੰਮ ਲਈ।

ਹਰੇਕ ਪੰਚ ਕੋਲ ਆਪਣੇ ਵਾਰਡ ਵਿਚਲੇ ਪਰਿਵਾਰਾਂ ਦੀ ਲਿਸਟ ਹੋਵੇ, ਜਿਸ ਤੋਂ ਉਹ ਲੋੜਮੰਦਾਂ ਦੀ ਸੂਚੀ ਤਿਆਰ ਕਰ ਸਕੇ। ਜਿਸ ਨੂੰ ਰਾਸ਼ਨ ਦੇ ਦਿੱਤਾ ਹੋਵੇ, ਉਸ ਦੇ ਨਾਮ ਅੱਗੇ ਠੀਕਾ ਲਗਾ ਦਿੱਤਾ ਜਾਵੇ, ਤਾਂ ਕਿ ਦੁਵਾਰਾ ਦੁਵਾਰਾ ਲੈ ਕੇ ਕੋਈ ਰਾਸ਼ਨ ਜਮ੍ਹਾਂ ਨਾ ਕਰੇ। ਕਈ ਦੋ-ਦੋ ਵਾਰੀ ਲੈ ਜਾਂਦੇ ਹਨ, ਤੇ ਕਈ ਇੱਕ ਵਾਰੀ ਵੀ ਰਹਿ ਜਾਂਦੇ ਹਨ।

ਸਾਡੇ ਪਿੰਡ ਵਿੱਚ ਚੁਣੀ ਹੋਈ ਪੰਚਾਇਤ ਹੈ, ਇੱਕ ਸਰਪੰਚ ਅਤੇ ਬਾਕੀ ਗਿਆਰਾਂ ਪੰਚ। ਹਰੇਕ ਵਾਰਡ ਦਾ ਪੰਚ, ਸਿਰਫ ਆਪਣੇ ਹੀ ਵਾਰਡ ਵਿੱਚ ਵਿਚਰੇ, ਦੂਸਰੇ ਵਾਰਡ ਵਿੱਚ ਉੱਥੋਂ ਦਾ ਪੰਚ ਕੰਮ ਕਰੇ। ਭੀੜ ਇਕੱਠੀ ਹੋਣ ਤੋਂ ਬਚਾਅ ਕੀਤਾ ਜਾਵੇ। ਪੰਚਾਂ ਲਈ ਵੀ ਇਹ ਹੀ ਸਮਾਂ ਹੈ, ਨਾਇਕ ਬਣਨ ਦਾ, ਸਮਾਜ ਸੇਵਾ ਕਰਨ ਦਾ, ਜਿਸ ਲਈ ਲੋਕਾਂ ਨੇ ਤੁਹਾਨੂੰ ਚੁਣਿਆ ਹੈ ।

ਪੰਚ ਆਪਣੇ ਵਾਰਡ ਦੇ ਵਸਨੀਕਾਂ ਦੀ ਕਰੋਨਾ ਤੋਂ ਸੁਰੱਖਿਆ ਯਕੀਨੀ ਬਣਾਏ।

ਸਰਕਾਰ ਦੁਆਰਾ ਲਗਾਏ ਗਏ ਕਰਫਿਊ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਲਾਗੂ ਕਰਵਾਏ।

ਇਹ ਸੁਨਿਸਚਿਤ ਕਰੇ ਕੇ ਉਸ ਦੇ ਵਾਰਡ ਦੇ ਲੋਕ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਕਿ ਨਹੀਂ।

ਆਪਣੇ ਵਾਰਡ ਦੇ ਲੋਕਾਂ ਦੀਆਂ ਰਾਸ਼ਨ ਸੰਬੰਧੀ ਦੁੱਖ ਤਕਲੀਫਾਂ ਪਿੰਡ ਦੇ ਸਰਪੰਚ ਨਾਲ ਸਾਂਝੀਆਂ ਕਰੇ।

ਸਰਪੰਚ, ਪੰਚਾਂ ਦੁਆਰਾ ਇਕੱਠੀਆਂ ਕੀਤੀਆਂ ਤਕਲੀਫਾਂ ਸੁਣ ਕੇ ਉਨਾਂ ਦੇ ਫੌਰੀ ਹੱਲ ਲਈ ਕਦਮ ਚੁੱਕੇ, ਸਮਾਜ ਤੱਕ ਜਾਂ ਸਰਕਾਰ ਤੱਕ ਪਹੁੰਚ ਕਰੇ।

ਪੰਚਾਇਤੀ ਵੋਟਾਂ ਪਈਆਂ ਨੂੰ ਅਤੇ ਕੁਝ ਸਮਾਂ ਹੀ ਹੋਇਆ ਹੈ। ਸਾਨੂੰ ਆਪਣੇ-ਆਪਣੇ ਵਾਰਡ ਦੇ ਪੰਚ ਦਾ ਪਤਾ ਹੀ ਹੋਵੇਗਾ। ਪਿੰਡ ਦੇ ਵਸਨੀਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋੜ ਵੇਲੇ ਆਪਣੇ ਵਾਰਡ ਦੇ ਪੰਚ ਨੂੰ ਹੀ ਫੋਨ ਕਰਨ, ਪੰਚ ਦੁਆਰਾ ਫੋਨ ਦਾ ਜਵਾਬ ਨਾਂ ਦੇਣ ਤੇ ਸਰਪੰਚ ਨਾਲ ਫੋਨ ਤੇ ਹੀ ਗੱਲ ਕਰਨ।

 

ਤੁਸੀਂ ਵੀ ਆਪਣੇ ਸੁਝਾਅ ਕਮੈਂਟਾਂ ਰਾਹੀਂ ਦੇ ਸਕਦੇ ਹੋ। ਈਮੇਲ ਐਡਰੈਸ ਛੁਪਿਆ ਰਹਿੰਦਾ ਹੈ। ਧੰਨਵਾਦ।