ਸੀ ਐਚ ਸੀ ਬੜਾ ਪਿੰਡ ਵੱਲੋਂ ਬਲਾਕ ਪੱਧਰੀ ਡੇਂਗੂ ਵਰਕਸ਼ਾਪ
ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਉਣ ਲਈ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋਕਿ ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ ਫਿਰ ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸ਼ਰੀਰ ਵਿੱਚ ਦਾਖਲ ਹੋ ਜਾਂਦਾ ਹੈ। ਡੇਂਗੂ ਬੁਖਾਰ ਵਿੱਚ ਹੱਡੀਆਂ ਦੇ ਟੁੱਟਣ ਜਿਹੀ ਪੀੜ ਹੁੰਦੀ ਹੈ। ਇਸ ਲਈ ਇਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲੱਛਣ ਵਿੱਚ
ਬੁਖਾਰ, ਸਿਰਦਰਦ, ਚਮੜੀ ’ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ। ਮਰੀਜ਼ ਦੇ ਮੂੰਹ, ਗਲੇ ਜਾਂ ਛਾਤੀ ਉੱਤੇ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। । ਕੁਝ ਲੋਕਾਂ ਨੂੰ ਡੇਂਗੂ ਬੁਖਾਰ ਇਕ ਗਭੀਰ ਰੂਪ ਵਿੱਚ ਹੋ ਸਕਦਾ ਹੈ, ਜੋ ਜਾਨ ਲਈ ਖਤਰਾ ਹੋ ਸਕਦੇ ਹਨ।
ਹੈਲਥ ਸੁਪਰਵਾਈਜ਼ਰ ਸਤਨਾਮ ਅਤੇ ਕੁਲਦੀਪ ਵਰਮਾ ਨੇ ਦੱਸਿਆ ਕਿ ਡੇਂਗੂ ਵਾਇਰਸ ਤੋਂ ਬਚਾਉਣ ਲਈ ਕੋਈ ਵੈਕਸੀਨ ਮੁਹੱਈਆ ਨਹੀਂ ਹੈ। ਡੇਂਗੂ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਮੱਛਰਾਂ ਦੀ ਗਿਣਤੀ ਵਧਣ ਉੱਤੇ ਕਾਬੂ ਪਾਉਣਾ ਹੈ। ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਖਾਲੀ ਕਰਦੇ ਰਹਿਣਾ ਚਾਹੀਦਾ ਹੈ |