ਨੌਜਵਾਨਾਂ ਨੂੰ ਨਸ਼ਿਆਂ ਦੇ ਚੰਗੂਲ ਵਿਚੋਂ ਬਾਹਰ ਕੱਢਣ ਦੇ ਮਨੋਰਥ ਨਾਲ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਓਟ ਕਲੀਨਿਕ ਦੀ ਸ਼ੁਰੂਆਤ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਕੀਤੀ ਗਈ। ਇਹ ਕਲੀਨਿਕ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਤੋਂ ਬਾਹਰ ਕੱਢਣ ਵਿਚ ਮਦਦਗਾਰ ਸਾਬਤ ਹੋਣਗੇ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਅੱਜ ਸੀ ਐਚ ਸੀ ਬੜਾ ਪਿੰਡ ਵਿਖੇ ਰਸਮੀ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਦਲ ਦਲ ‘ਚ ਫਸੇ ਨੌਜਵਾਨਾਂ ਨੂੰ ਮੁੜ ਤੋਂ ਇਕ ਬੇਹਤਰ ਜਿਊਣ ਦਾ ਮੌਕਾ ਦੇ ਰਹੀ ਹੈ ਤਾਂ ਕਿ ਉਹ ਇਸ ਨਸ਼ਿਆਂ ਦਾ ਖਹਿੜਾ ਛੱਡਕੇ ਇਕ ਖੁਸ਼ਹਾਲ ਜ਼ਿੰਦਗੀ ਜੀ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਗੰਭੀਰ ਹੈ। ਸੀਨੀਅਰ ਮੈਡੀਕਲ ਅਫਸਰ ਰੁਪਿੰਦਰਜੀਤ ਕੌਰ ਨੇ ਨੌਜਵਾਨ ਨੂੰ ਅਪੀਲ ਕੀਤੀ ਕਿ ਉਹ ਨਾ ਆਪ ਨਸ਼ਾ ਕਰਨ ਤੇ ਨਾ ਹੀ ਕਿਸੇ ਹੋਰ ਨੌਜਵਾਨ ਨੂੰ ਇਸ ਦਲਦਲ ‘ਚ ਫਸਣ ਦੇਣ ਤਾਂ ਹੀ ਅਸੀਂ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਛੱਡਵਾਉਣ ਲਈ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਮਨੋਰੋਗਾਂ ਦੇ ਮਾਹਰਾਂ ਤੋਂ ਕੌਂਸਲਿੰਗ ਕਰਵਾਕੇ ਅਤੇ ਡਾਕਟਰੀ ਇਲਾਜ ਨਾਲ ਨਸ਼ਾ ਛੁੱਡਿਆ ਜਾਂਦਾ ਸਕਦਾ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰ ਦੁਸਾਝ ਕਲਾ ਵਿਖੇ ਵੀ ਅੱਜ ਓਟ ਕਲੀਨਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਨੇ ਦੱਸਿਆ ਕਿ ਜ਼ਿਲੇ ‘ਚ ਚਲਾਏ ਜਾ ਰਹੇ ਓਟ ਕਲੀਨਿਕ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਹੁਣ ਤੱਕ ਹਜ਼ਾਰਾਂ ਨੌਜਵਾਨ ਨਸ਼ਿਆਂ ਦਾ ਰਾਹ ਛੱਡ ਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪ ਅੱਗੇ ਆਉਣ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਇਸ ਮੌਕੇ ਤੇ ਮੈਡੀਕਲ ਅਫਸਰ ਡਾ ਗੌਰਵ, ਮੈਡੀਕਲ ਅਫਸਰ ਡਾ ਸ਼ਾਰਦਾ, ਸਰਪੰਚ ਸਦੀਪ ਸਿੰਘ ਗਿੱਲ , ਸਾਬਕਾ ਸਰਪੰਚ ਜੀਵਨ ਤੇ ਸਮੂਹ ਸਟਾਫ ਮੌਕੇ ਤੇ ਮੌਜੂਦ ਸੀ।