ਕਣਕ ਦੀ ਨਾੜ ਨੂੰ ਅੱਗ ਨਾ ਲਾਓ

ਇੱਕ ਅਪੀਲ

ਕਿਸਾਨ ਭਰਾਵੋ,
ਪਿਛਲੇ ਹਫਤੇ ਦੀਆਂ ਲਗਾਤਾਰ ਅੱਗ ਦੀਆਂ ਖਬਰਾਂ ਨੇ ਮਨ ਉਦਾਸ ਕੀਤਾ ਹੈ।

ਕੁਦਰਤ ਨੂੰ ਤੁਹਾਡੇ ਤੋਂ ਵੱਧ ਕੌਣ ਨੇੜਿਓ ਜਾਣਦਾ ਹੈ ? ਜੋ ਅਸੀਂ ਬੀਜਦੇ ਹਾਂ ਓਹੀ ਵੱਢਦੇ ਹਾਂ। ਇਹ ਅੱਗਾਂ ਦਾ ਧੂੰਆਂ ਵੀ ਸਾਡੇ ਫੇਫੜਿਆਂ ਨੇ ਹੀ ਫੱਕਣਾ ਹੈ।

ਅੱਜ ਮਹਾਂਮਾਰੀ ਦੇ ਦੌਰ ਵਿਚ, ਕੋਵਿਡ ਅਜਿਹੀ ਭਿਆਨਕ ਲਾਗ ਦੀ ਬੀਮਾਰੀ ਹੈ ਜੋ ਕਮਜ਼ੋਰ ਫੇਫੜਿਆਂ ਤੇ ਵੱਧ ਮਾਰ ਕਰਦੀ ਹੈ।
ਪਰ ਕੀ ਅਸੀਂ ਇਹ ਅੱਗ ਲਾ ਕੇ ਘੋਰ ਪਾਪ ਨਹੀਂ ਕਰ ਰਹੇ ? ਇਹ ਧੂੰਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ ? ਕੀ ਬੀਮਾਰ ਫੇਫੜੇ ਇਸ ਜਾਨਲੇਵਾ ਬੀਮਾਰੀ ਨੂੰ ਝੱਲ ਸਕਣਗੇ ?

ਮੈਂ ਦੁਖੀ ਮਨ ਨਾਲ ਇਹ ਅਰਜ਼ੋਈ ਕਰਦਾ ਹਾਂ ਕਿ ਹਾਲੇ ਵੀ ਸੰਭਲ ਜਾਈਏ ! ਮਨੁੱਖੀ ਜੀਵਨ ਨੂੰ ਖਤਰੇ ਵਿਚ ਨਾ ਪਾਈਏ । ਅੱਗ ਲਾਉਣ ਦਾ ਰੁਝਾਨ ਬੰਦ ਕਰੀਏ। ਰਹਿੰਦ-ਖੂੰਹਦ ਨੂੰ ਸਹੀ ਤਰੀਕੇ ਨਾਲ ਸੰਭਾਲੀਏ ।

ਪੰਜਾਬ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਹਾਂਵਾਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨਾਲ ਜਿਹੜਾ ਸੰਦੇਸ਼ ਦਿੱਤਾ ਸੀ ਉਸ ਨੂੰ ਮੁੜ ਧਿਆਈਏ ਅਤੇ ਆਪਣੇ ਹਿੱਸੇ ਦਾ ਨੈਤਿਕ ਫਰਜ਼ ਨਿਭਾਈਏ ।

ਕਣਕ ਦੀ ਨਾੜ ਨੂੰ ਅੱਗ ਨਾ ਲਾਓ!
ਜੀਵਨ, ਖਤਰੇ ਵਿਚ ਨਾ ਪਾਓ !!

ਬਲਦੇਵ ਸਿੰਘ ਢਿੱਲੋਂ
ਵਾਈਸ ਚਾਂਸਲਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਲੁਧਿਆਣਾ