ਮਨੁੱਖ ਕਮਾਈਆਂ ਤਾਂ ਕਰ ਲੈਂਦਾ ਹੈ ਪਰ ਵੇਖਿਆ ਇਹ ਜਾਂਦਾ ਹੈ ਕਿ ਸਮਾਜ ਉਹਦੇ ਸਿਰ ‘ਤੇ ਮਾਣ ਸਤਿਕਾਰ ਦੀ ਟੋਕਰੀ ਕਿੰਨੀ ਕੁ ਭਾਰੀ ਰੱਖ ਰਿਹਾ ਹੈ। ਕਿਰਪਾਲ ਸਿੰਘ ਉਰਫ ਪਾਲ ਸਹੋਤਾ ਦੇ ਮਾਮਲੇ ਵਿਚ ਕਿਹਾ ਜਾ ਸਕਦਾ ਹੈ ਕਿ ਉਹਨੇ ਸੰਘਰਸ਼ ਵੀ ਬਹੁਤ ਕੀਤਾ, ਧਨ ਦੌਲਤ ਵੀ ਬਹੁਤ ਕਮਾਈ ਪਰ ਵਧੇਰੇ ਜਾਣਿਆ ਇਸ ਕਰਕੇ ਜਾਂਦਾ ਹੈ ਕਿ ਉਹ ਇਨਸਾਨੀਅਤ ਦਾ ਭਰ ਵਗਦਾ ਦਰਿਆ ਹੈ, ਨਿੱਘਾ ਬੰਦਾ ਹੈ, ਲੋਕਾਂ ਦਾ ਹਮਦਰਦ ਹੈ, ਨਿਮਰਤਾ ਵਾਲਾ ਵੀ ਹੈ। ਅਮਰੀਕਾ ‘ਚ ਕੋਈ ਕਾਰੋਬਾਰ ਨਾਲ ਜੁੜਿਆ ਹੋਵੇ, ਖੇਡਾਂ ਨਾਲ ਜੁੜਿਆ ਹੋਵੇ, ਸਿਆਸਤ ‘ਚ ਦਿਲਚਸਪੀ ਰੱਖਦਾ ਹੋਵੇ, ਕਬੱਡੀ ਦੀ ਗੱਲ ਕਰਦਾ ਹੋਵੇ ਤਾਂ ਇਹ ਵੀ ਜ਼ਰੂਰੀ ਹੈ ਕਿ ਪਾਲ ਸਹੋਤਾ ਨੂੰ ਜਾਣਦਾ ਜ਼ਰੂਰ ਹੋਵੇਗਾ। ਅਮਰੀਕਾ ‘ਚ ਪੰਜਾਬੀ ਵੱਡੀ ਪੱਧਰ ‘ਤੇ ਟਰਾਂਸਪੋਰਟ ਕਿੱਤੇ ਨਾਲ ਜੁੜੇ ਹੋਏ ਹਨ, ਸਫਲ ਵੀ ਹਨ, ਪਰ ਹਾਲੇ ਤੱਕ ਵੀ ਜੇ ਕਿਤੇ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ‘ਹਰੇ ਟਰੱਕਾਂ’ ਦਾ ਮਾਅਰਕਾ ਜਿਹਦੇ ਨਾਲੋਂ ਹਾਲੇ ਤੱਕ ਨਹੀਂ ਲੱਥਾ, ਉਹ ਪਾਲ ਸਹੋਤਾ ਹੀ ਹੈ। ਕਿਸੇ ਵੇਲੇ ਮਰਹੂਮ ਲੋਕ ਗਾਇਕ ਜਗਤ ਸਿੰਘ ਜੱਗਾ ਨੇ ਇਸੇ ਕਰਕੇ ‘ਹਰੇ ਟਰੱਕਾਂ ਵਾਲੇ’ ਗੀਤ ਵੀ ਗਾਇਆ ਸੀ ਭਾਵੇਂ ਕੰਪਨੀ ਦਾ ਨਾਮ ਤਾਂ ‘ਰੌਇਲ ਐਕਸਪ੍ਰੈੱਸ’ ਸੀ ਪਰ ਅਮਰੀਕੀ ਪੰਜਾਬੀਆਂ ‘ਚ ਹੀ ਨਹੀਂ ਸਗੋਂ ਪੰਜਾਬ ‘ਚ ਅੱਜ ਵੀ ਬਹੁਤੇ ਲੋਕ ਪਾਲ ਸਹੋਤਾ ਨੂੰ ‘ਹਰੇ ਟਰੱਕਾਂ ਵਾਲਾ ਪਾਲ ਸਹੋਤਾ’ ਕਰਕੇ ਹੀ ਜਾਣਦੇ ਹਨ। ਉਹਦਾ ਤਰਕ ਹੈ ਕਿ ਚਲੋ ਮਾਅਰਕਾ ਚੱਲ ਗਿਆ ਪਰ ਜਦੋਂ ਉਹਨੇ ਪਹਿਲਾ ਟਰੱਕ ਲਿਆ ਤਾਂ ਉਹਨੂੰ ਹਰਾ ਰੰਗ ਕੀਤਾ ਹੋਇਆ ਸੀ। ਖੇਤਾਂ ਦਾ ਪੁੱਤ ਹੋਣ ਕਰਕੇ ਫਸਲਾਂ ਦੀ ਹਰਿਆਲੀ ਵੀ ਯਾਦ ਆ ਗਈ ਤੇ ਫਿਰ ਅਗਲੇ ਟਰੱਕਾਂ ਨੂੰ ਰੰਗ ਵੀ ਹਰਾ ਹੀ ਹੁੰਦਾ ਗਿਆ ਅਤੇ ਇਹ ਹਰਾ ਰੰਗ ਉਹਨੂੰ ਰਾਸ ਵੀ ਬਹੁਤ ਆਇਆ। ਚੰਗਾ ਕੱਦ ਕਾਠ, ਗੋਰਾ ਰੰਗ ਅਤੇ ਬਣ ਠਣ ਕੇ ਰਹਿਣਾ, ਮੁਸਕਰਾ ਕੇ ਮਿਲਣਾ, ਟਿਕਾ ਕੇ ਗੱਲ ਕਰਨੀ, ਪਾਲ ਸਹੋਤਾ ਦੀ ਪਹਿਚਾਣ ਹੈ। ਕਈ ਉਹਦੇ ਨਾਲ ਪਹਿਲੀਆਂ ‘ਚ ਜੁੜੇ ਸੀ ਤੇ ਬਾਅਦ ਵਿਚ ਵੱਡੇ ਟਰਾਂਸਪੋਰਟਰ ਬਣ ਗਏ। ਉਹਨੇ ਟੁੱਟ ਭਰਾਵਾਂ ਨਾਲ ਮਿਲ ਕੇ ਪਹਿਲਾ ਟਰੱਕ 1976 ਵਿਚ ਖਰੀਦਿਆ ਸੀ ਕਿ ਚਲੋ ਰਲ ਕੇ ਚਲਾਵਾਂਗੇ ਤੇ ਨਾਮ ਵੀ ‘ਪਾਲ ਟਰੱਕਿੰਗ’ ਤਾਂ ਹੀ ਰੱਖਿਆ ਸੀ ਕਿ ਗੋਰਿਆਂ ਨੂੰ ਯਾਦ ਛੇਤੀਂ ਹੋ ਜਾਵੇਗਾ। ਪਾਲ ਸਹੋਤਾ ਪੰਜਾਬ ਦੇ ਵੱਡੇ ਅਤੇ ਨਾਮੀ ਪਿੰਡਾਂ ‘ਚ ਗਿਣੇ ਜਾਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਬੜਾ ਪਿੰਡ ਦਾ ਜੰਮਪਲ ਹੈ। ਬਾਪੂ ਤਰਸੇਮ ਸਿੰਘ ਸਹੋਤਾ 1954 ‘ਚ ਪੜ੍ਹਨ ਲਈ ਅਮਰੀਕਾ ਆਇਆ ਸੀ ਤੇ ਪੈਰ ਇੱਥੇ ਹੀ ਟਿਕਾਅ ਲਏ। ਪਰ ਬਦਕਿਸਮਤੀ ਕਿ ਯੂਬਾਸਿਟੀ ‘ਚ ਇਕ ਦੁਰਘਟਨਾ ਦੌਰਾਨ ਬਾਪੂ ਜੀ ਦੀ ਮੌਤ ਹੋ ਗਈ। ਮਾਤਾ ਗੁਰਮੀਤ ਕੌਰ ਵੀ ਇਹ ਸਦਮਾ ਨਾ ਸਹਾਰ ਸਕੀ ਤੇ ਚਾਰ ਕੁ ਸਾਲ ਪਿੱਛੋਂ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੀ। ਦਾਦੀ ਨੇ ਦੋਵਾਂ ਭਰਾਵਾਂ ਕਿਰਪਾਲ ਸਿੰਘ ਸਹੋਤਾ ਅਤੇ ਚਰਨਜੀਤ ਸਿੰਘ ਸਹੋਤਾ ਨੂੰ ਪਾਲਿਆ ਤੇ ਨਿੱਕੀ ਉਮਰੇ ਉਹ ਆਪਣੇ ਚਾਚਾ ਜੀ ਦੀ ਬਦੌਲਤ ਅਮਰੀਕਾ ਆ ਗਏ। ਅੱਜ ਭਾਵੇਂ ਉਹ ਵੱਡੇ ਕਾਰੋਬਾਰੀ ਹਨ, ਰੁਤਬਿਆਂ ਤੇ ਸ਼ੋਹਰਤਾਂ ਵਾਲੇ ਹਨ ਪਰ ਉਨ੍ਹਾਂ ਨੇ ਮਨ ‘ਚੋਂ ਕਦੇ ਵੀ ਨਹੀਂ ਵਿਸਾਰਿਆ ਕਿ ਕੁਝ ਬਣਨ ਲਈ ਕਾਰਾਂ ਵੀ ਧੋਤੀਆਂ ਤੇ ਖੇਤਾਂ ‘ਚ ਕੰਮ ਵੀ ਕੀਤਾ ਹੈ।
ਪਾਲ ਸਹੋਤਾ ਨੂੰ ਨੇੜੇ ਤੋਂ ਜਾਣਨ ਵਾਲੇ ਇਹ ਵੀ ਜਾਣਦੇ ਹਨ ਕਿ ਉਹ ਬਹੁਤ ਹੀ ਘੱਟ ਬੋਲਦੈ, ਛੇਤੀ ਕੀਤੇ ਕੋਈ ਟਿੱਪਣੀ ਨਹੀਂ ਕਰਦਾ ਅਤੇ ਕਈ ਵਾਰ ਤਾਂ ਉਹ ਆਪਣੇ ਵਲੋਂ ਤਾਂ ਭਾਵੇਂ ਮਸ਼ਕਰੀ ਕਰ ਰਿਹਾ ਹੋਵੇ ਪਰ ਤੀਰ ਕਈ ਟਿਕਾਣਿਆਂ ‘ਤੇ ਵੱਜ ਰਿਹਾ ਹੁੰਦੈ। ਪੰਜਾਹ ਸਾਲ ਤੋਂ ਵੱਧ ਉਸ ਨੂੰ ਅਮਰੀਕਾ ਆਏ ਨੂੰ ਹੋ ਗਏ ਹਨ। ਇੱਥੇ ਹੀ ਕਾਲਜਾਂ, ਯੂਨੀਵਰਸਿਟੀਆਂ ਦੀਆਂ ਪੜ੍ਹਾਈਆਂ ਕੀਤੀਆਂ ਪਰ ਪੰਜਾਬ ਨਾਲ ਤੇਹ ਮੋਹ ਕਦੇ ਵੀ ਫਿੱਕਾ ਨਹੀਂ ਪੈਣ ਦਿੱਤਾ। ਉਹ ਮਾਣ ਨਾਲ ਕਹੇਗਾ ਕਿ ਇਸ ਵੇਲੇ ਬਾਬੇ ਨਾਨਕ ਦੀ ਪੂਰੀ ਮਿਹਰ ਹੈ, ਉਹਦੀ ਟਰਾਂਸਪੋਰਟ ਹੈ, ਜਿਹਦਾ ਨਾਂਅ ਹੁਣ ‘ਸਮਾਰਟ ਵੇਅ ਟਰਾਂਸਪੋਰਟ’ ਹੈ, ਬੇਕਰਸਫੀਲਡ ‘ਚ ਹੋਟਲ ਦਾ ਕਾਰੋਬਾਰ ਹੈ, ਸੌਗੀ ਤੇ ਪਿਸਤੇ ਦੀ ਖੇਤੀ ਵੀ ਸੁੱਖ ਨਾਲ ਠੀਕ ਹੈ ਪਰ ਜੋ ਸਭ ਤੋਂ ਵੱਧ ਠੀਕ ਹੈ, ਉਹ ਇਹ ਕਿ ਚਾਰ ਲੋਕ ਸਤਿਕਾਰ ਨਾਲ ਜਾਣਦੇ ਵੀ ਹਨ। ਟਰਾਂਸਪੋਰਟ ਕਿੱਤੇ ਵੱਲ ਆਉਣਾ ਉਹਦੇ ਲਈ ਅਚਨਚੇਤ ਤਾਂ ਸੀ ਪਰ ਮਿਹਨਤੀ ਹੋਣ ਕਰ ਕੇ ਮਹੌਲ ਚੰਗਾ ਬਣ ਗਿਆ। ਉਹਦਾ ਕਹਿਣਾ ਹੈ ਕਿ ਪਹਿਲਾਂ ‘ਸਹੋਤਾ ਬ੍ਰਦਰਜ਼’ ਫਿਰ ‘ਪੌਲ ਟਰੱਕਿੰਗ’ ਫਿਰ ‘ਰੌਇਲ ਐਕਸਪ੍ਰੈੱਸ’ ਤੇ ਹੁਣ ‘ਸਮਾਰਟ ਵੇਅ’ ਤੱਕ ਵਾਹਿਗੁਰੂ ਦੀ ਮਿਹਰ ਨਾਲ ਕੁਝ ਕਰਨ ਦੇ ਸਮਰੱਥ ਹੋਏ ਹਾਂ। ਉਹ ਇਹ ਵੀ ਜ਼ਰੂਰ ਕਹੇਗਾ ਕਿ ਟਰਾਂਸਪੋਰਟ ਦਾ ਕਿੱਤਾ ਸ਼ੇਰ ਪਾਲਣ ਵਾਂਗ ਹੈ ਜੇ ਤਾਂ ਸਾਂਭ ਗਏ ਤਾਂ ਤਰ ਗਏ, ਨਹੀਂ ਤਾਂ ਨਿਗਲੇ ਗਏ। ਉਹ ਕਹੇਗਾ ਕਿ ਨੀਅਤ ਤੇ ਨੀਤੀ ਸਾਫ ਹੋਵੇ ਤਾਂ ਚੰਗੇ ਮੁੱਕਦਰਾਂ ਦੇ ਬੂਹੇ ਖੁੱਲ੍ਹਣ ਤੋਂ ਕੋਈ ਰੋਕ ਨਹੀਂ ਸਕਦਾ। ਪਾਲ ਸਹੋਤਾ ਦੇ ਮਾਮਲੇ ‘ਚ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਉਹਨੇ ਉੱਤਰੀ ਅਮਰੀਕਾ ‘ਚ ਟਰਾਂਸਪੋਰਟ ਦੇ ਕਾਰੋਬਾਰ ਦੇ ਨਾਲ ਪੰਜਾਬੀਆਂ ਨੂੰ ਜੋੜਨ ਲਈ ਚੰਗਾ ਮਹੌਲ ਸਿਰਜ ਕੇ ਦਿੱਤਾ ਹੈ। ਪਾਲ ਸਹੋਤਾ ਐੱਨ.ਆਰ.ਆਈ ਸਭਾ ਦਾ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ ਸੀ ਤੇ ਉਹਨੇ ਪ੍ਰਵਾਸੀ ਪੰਜਾਬੀਆਂ ਦੇ ਕਈ ਮਸਲੇ ਹੱਲ ਕਰਨ ਦੀ ਸਫਲ ਕੋਸ਼ਿਸ਼ ਕੀਤੀ ਸੀ। ਅਮਰੀਕੀ ਸਿਆਸਤ ‘ਚ ਪਾਲ ਸਹੋਤਾ ਦੀ ਡੂੰਘੀ ਦਿਲਚਸਪੀ ਹੈ। ਉਹ ਆਪਣੇ ਫਰਿਜ਼ਨੋ ਸ਼ਹਿਰ ਦੀ ਕਾਉਂਟੀ ਦੇ ਟਰਾਂਸਪੋਰਟ ਅਥਾਰਿਟੀ ਬੋਰਡ ਦਾ ਮੈਂਬਰ ਹੈ, ਪੰਜਾਬ ਦੀ ਸਿਆਸਤ ਵਿਚ ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਦੀ ਦੋਸਤੀ ਉਹਨੂੰ ਸਿਆਸਤ ਵਿਚ ਖਿੱਚ ਕੇ ਲੈ ਆਈ ਅਤੇ ਫਿਰ ਉਹ ਰਾਜਿੰਦਰ ਕੌਰ ਭੱਠਲ ਤੇ ਅਵਤਾਰ ਹੈਨਰੀ ਦੇ ਵੀ ਨੇੜੇ ਰਿਹਾ। ਤਿੰਨ ਦਹਾਕੇ ਉਹ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਪਰ ਉਹ ਇਹ ਗੱਲ ਦੁਖੀ ਹੋ ਕੇ ਕਹਿੰਦਾ ਹੈ ਕਿ ਜਿਸ ਤਰ੍ਹਾਂ ਪ੍ਰਵਾਸੀ ਪੰਜਾਬੀ ਆਪਣਾ ਮੁਲਕ ਦੇਖਣਾ ਚਾਹੁੰਦੇ ਸਨ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵਿਦੇਸ਼ੀ ਗੇੜੀਆਂ ਮਾਰ ਕੇ ਅਮਲ ‘ਚ ਕੁਝ ਨਹੀਂ ਕਰ ਸਕੇ। ਉਹ ਵੀ ਬਦਲਦੇ ਮਹੌਲ ‘ਚ ਬਦਲ ਜਾਣ ਦਾ ਇੱਛੁਕ ਹੈ। ਖੇਡਾਂ ਨੂੰ ਪ੍ਰਫੁੱਲਤ ਕਰਨ ‘ਚ ਵੀ ਪਾਲ ਸਹੋਤਾ ਦਾ ਭਰਵਾਂ ਯੋਗਦਾਨ ਰਿਹਾ ਹੈ। ਪੰਜਾਬ ਦੇ ਖੇਡ ਮੇਲਿਆਂ ‘ਚ, ਕਬੱਡੀ ਟੂਰਨਾਮੈਂਟਾਂ ‘ਚ ਉਹ ਵੱਡਾ ਸਹਿਯੋਗੀ ਰਿਹਾ ਹੈ। 1994 ‘ਚ ਉਹਦੇ ਯਤਨਾਂ ਨਾਲ ਅਮਰੀਕਾ ‘ਚ ਨਾਰਥ ਇੰਡੀਆ ਕਬੱਡੀ ਐਸੋਸੀਏਸ਼ਨ ਬਣੀ ਤੇ ਸੈਲਮਾ (ਕੈਲੀਫੋਰਨੀਆ) ‘ਚ 7 ਵੱਡੇ ਕਬੱਡੀ ਕੱਪ ਵੀ ਕਰਵਾਏ। ਚੰਗੇ ਖਿਡਾਰੀਆਂ ਨੂੰ ਚੰਗਾ ਮੌਕਾ ਤੇ ਵਧੀਆ ਆਰਥਿਕ ਮਹੌਲ ਵੀ ਸਿਰਜ ਕੇ ਦਿੱਤਾ। ਇਸ ਵੇਲੇ ਉਹ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦਾ ਉਪ ਪ੍ਰਧਾਨ ਹੈ ਪਰ ਕਬੱਡੀ ਦੇ ਮੌਜੂਦਾ ਹਾਲਾਤ ਤੋਂ ਉਹ ਵੀ ਚਿੰਤਤ ਹੈ। ਪਾਲ ਸਹੋਤਾ ਨੇ ਜ਼ਿੰਦਗੀ ਦਾ ਸਿਧਾਂਤ ਇਹ ਰੱਖਿਆ ਹੈ ਕਿ ‘ਜੀਓ ਅਤੇ ਜਿਊਣ ਦਿਓ’, ‘ਭਲਾ ਕਰੋ, ਭਲਾ ਹੋਵੇਗਾ’, ‘ਦੁਨੀਆਂ ਵੱਲ ਫੁੱਲ ਸੁੱਟ ਕੇ ਤਾਂ ਦੇਖੋ ਲੋਕ ਬਾਗ਼ ਤੁਹਾਡੇ ਹਵਾਲੇ ਕਰਨ ਆਉਣਗੇ’। ਕਹਿ ਸਕਦੇ ਹਾਂ ਕਿ ਪਾਲ ਸਹੋਤਾ ਇਕ ਸਧਾਰਣ ਮਨੁੱਖ ਨਹੀਂ ਹੈ, ਉਹ ਸੁਚੇਤ ਹੈ, ਸੁਹਿਰਦ ਹੈ, ਕਾਰੋਬਾਰ ਪ੍ਰਤੀ ਗੰਭੀਰ ਹੈ, ਪੰਜਾਬ ਪ੍ਰਤੀ ਚਿੰਤਤ ਹੈ। ਸਿਆਣੇ ਕਹਿੰਦੇ ਵੀ ਹੁੰਦੇ ਹਨ ਕਿ ਇਨਸਾਨੀਅਤ ਦੇ ਉੱਚੇ ਕੱਦ ਐਵੇਂ ਨਿਕਲਦੇ ਵੀ ਨਹੀਂ। ਉਹਦੀ ਇਕ ਟਿੱਪਣੀ ਇਹ ਵੀ ਹੁੰਦੀ ਹੈ ਕਿ ਸਾਡੇ ਮਨ ਨੂੰ ਤਸੱਲੀ ਹੈ ਕਿ ‘ਅਸੀਂ ਨਸਲੀ ਵਿਤਕਰੇ ਝੱਲ ਕੇ, ਗੋਰਿਆਂ ਦੇ ਤਾਅਨੇ ਮਿਹਣੇ ਸੁਣ ਕੇ ਆਪਣੇ ਭੈਣ ਭਰਾਵਾਂ ਲਈ ਅਮਰੀਕਾ ਦੀ ਧਰਤੀ ‘ਤੇ ਰਿਜਕ ਕਮਾਉਣ ਤੇ ਵਧੀਆ ਢੰਗ ਨਾਲ ਵਸਣ ਲਈ ਜ਼ਮੀਨ ਤਿਆਰ ਕਰ ਕੇ ਦੇਣ ‘ਚ ਸਫਲ ਹੋਏ ਹਾਂ।’ ਬਦਾਮਾਂ ਲਈ ਮਸ਼ਹੂਰ ਖੇਤੀਬਾੜੀ ਵਾਲੇ ਸ਼ਹਿਰ ਫਰਿਜ਼ਨੋ ‘ਚ ਵਸਦਾ ਪਾਲ ਸਹੋਤਾ ਦੋ ਪੁੱਤਰਾਂ ਤਰਿੰਦਰ ਸਹੋਤਾ, ਪਰਮ ਸਹੋਤਾ, ਬੇਟੀ ਪਵਨਵੀਰ ਕੌਰ ਅਤੇ ਪਤਨੀ ਹਰਜਿੰਦਰ ਕੌਰ ਨਾਲ ਜ਼ਿੰਦਗੀ ਦੇ ਉਹ ਪਲ ਮਾਣ ਰਿਹਾ ਹੈ ਜਿਹੜੇ ਅਮਰੀਕਾ ਆਉਣ ਵਾਲੇ ਹਰ ਮਨੁੱਖ ਦੇ ਸੁਪਨਿਆਂ ‘ਚ ਹੁੰਦੇ ਹਨ। ਸੱਚੀਂ! ਕਈ ਬੰਦਿਆਂ ਨੂੰ ਮਿਲ ਕੇ ਥਕੇਵਾਂ ਹੀਂ ਨਹੀਂ ਲਹਿੰਦਾ ਸਗੋਂ ਨਵੀਂ ਊਰਜਾ ਵੀ ਮਿਲ ਜਾਂਦੀ ਹੈ।