ਸੂਹੀ ਮਹਲਾ ੫ ॥ ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥ ਮਾਧਵੇ ਭਜੁ ਦਿਨ ਨਿਤ ਰੈਣੀ ॥ ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥ ਕਰਤ ਬਿਕਾਰ ਦੋਊ ਕਰ ਝਾਰਤ ॥ ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥ ਭਰਣ ਪੋਖਣ ਸੰਗਿ ਅਉਧ ਬਿਹਾਣੀ ॥ ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥ ਸਰਣਿ ਸਮਰਥ ਅਗੋਚਰ ਸੁਆਮੀ ॥ ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥ {ਪੰਨਾ 743}
ਅਰਥ: ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ। ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ।੧।
ਹੇ ਭਾਈ! ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ। ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ।੧।
ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ।੨।
ਹੇ ਭਾਈ! ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ।੩।
ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ, (ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।੪।੨੭।੩੩।