ਸੂਹੀ ਮਹਲਾ ੫ ॥
ਮੀਤੁ ਸਾਜਨੁ ਸੁਤ ਬੰਧਪ ਭਾਈ ॥ ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥ ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥ ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥ ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥ ਹਰਿ ਚਰਨ ਸਰਣ ਗੜ ਕੋਟ ਹਮਾਰੈ ॥ ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥ ਨਾਨਕ ਦਾਸ ਸਦਾ ਬਲਿਹਾਰੀ ॥ ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
ਅਰਥ:
ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ। (ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ।੧।ਰਹਾਉ।
ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ। ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।੧।
ਹੇ ਭਾਈ! ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ। ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ।੨।
ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ। ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ।੩।
ਹੇ ਨਾਨਕ! ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ।੪।੧੯।੨੫।