ਸਲੋਕ ਮਃ ੩ ॥ ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥ ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥ ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥ {ਪੰਨਾ 646}
ਅਰਥ: ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ, ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ। ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ।੧।
ਮਃ ੩ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥ ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥ ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥ {ਪੰਨਾ 646}
ਅਰਥ: ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ, ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ। ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ, ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ। ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ।੨।
ਪਉੜੀ ॥ ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥ ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥ {ਪੰਨਾ 646}
ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ; ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ; ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ) ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ; ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ।੧੦।