ਧਨਾਸਰੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥ ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥ ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥ {ਪੰਨਾ 662-663}
ਅਰਥ:
ਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ। (ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ।੧।
ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ।੧।
ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ।੨।
(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ, (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ।੩।
(ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ) । ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ।੪।੧।੬।੮।