ਇੱਕ ਦਿਨ ਕੁਝ ਮੋਹਤਬਰ ਬੰਦੇ ਇਕੱਠੇ ਹੋਰ ਕੇ ਕਿਸੇ ਦੇ ਘਰ ਉਲਾਂਭਾ ਲੈ ਕੇ ਗਏ ਕਿ ਤੁਹਾਡਾ ਲੜਕਾ ਲੋਕਾਂ ਨੂੰ ਲੁੱਟ ਰਿਹਾ ਹੈ। ਅੱਗੋਂ ਘਰਦੇ ਕਹਿੰਦੇ ਕਿ ਤੁਸੀਂ ਨਹੀਂ ਚਾਹੁਂਦੇ ਕਿ ਸਾਡਾ ਮੁੰਡਾ ਕਮਾ ਕੇ ਰੋਟੀ ਖਾਵੇ। ਮੋਹਤਬਰ ਚੁੱਪ।
ਇੱਕ ਛੋਟੀ ਜਿਹੀ ਕਹਾਣੀ ਚੇਤੇ ਆ ਗਈ ਹੈ:
ਇੱਕ ਦੁਕਾਨਦਾਰ ਨੇ ਮਹਾਤਮਾ ਨੂੰ ਕਿਹਾ ਕਿ ਮੇਰਾ ਕੰਮ ਨਹੀਂ ਚੱਲਦਾ। ਮਹਾਤਮਾ ਜੀ ਬੋਲੇ ਤੂੰ ਤੋਲਦਾ ਘੱਟ ਹੈਂ।
ਦੁਕਾਨਦਾਰ ਨੇ ਆਪਣੀ ਦੁਕਾਨ ਤੇ ਆ ਕੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਸਭ ਗ੍ਰਾਹਕਾਂ ਨੂੰ ਪੂਰਾ ਸੌਦਾ ਤੋਲਣ ਲੱਗ ਪਿਆ। ਘੱਟ ਤੋਲਣ ਕਰਕੇ ਜਿਹੜੇ ਗ੍ਰਾਹਕ ਪਹਿਲਾਂ ਸੌਦਾ ਲੈਣੋ ਹਟ ਗਏ ਸਨ, ਉਹ ਵੀ ਮੁੜ ਲੱਗ ਗਏ। ਉਸ ਦੀ ਦੁਕਾਨ ਦੀ ਵਿਕਰੀ ਵਧਦੀ ਗਈ। ਕਮਾਈ ਵਧ ਗਈ। ਉਸ ਨੇ ਸੋਨੇ ਦਾ ਕੰਡਾ ਬਣਾ ਲਿਆ।
ਹੁਣ ਫਿਰ ਉਹ ਮਹਾਤਮਾ ਦੇ ਕੋਲ ਗਿਆ, ਕਹਿਣ ਲੱਗਾ ਕਿ ਕਮਾਈ ਬਹੁਤ ਹੋ ਰਹੀ ਹੈ, ਹੁਣ ਤਾਂ ਕੰਡਾ ਵੀ ਸੋਨੇ ਦਾ ਬਣਾ ਲਿਆ ਹੈ। ਮਹਾਤਮਾ ਅੱਗੋਂ ਕਹਿੰਦੇ ਸੋਨੇ ਦਾ ਕੰਡਾ ਜੰਗਲ ਵਿੱਚ ਸੁੱਟ ਦੇ। ਦੁਕਾਨਦਾਰ ਨੇ ਅਜਿਹਾ ਹੀ ਕੀਤਾ, ਪਰ ਭਰੇ ਮਨ ਨਾਲ, ਮਹਾਤਮਾ ਦਾ ਬਚਨ ਜੋ ਸੀ। ਪਹਿਲਾਂ ਵੀ ਮਹਾਤਮਾ ਦੇ ਬਚਨਾਂ ਨਾਲ ਤਰੱਕੀ ਹੋਈ ਸੀ।
ਇਲਾਕੇ ਦੇ ਹੋਰ ਵਿਉਪਾਰੀ ਲੰਘ ਰਹੇ ਸਨ। ਉਨ੍ਹਾਂ ਸੋਨੇ ਦਾ ਕੰਡਾ ਦੇਖਿਆ। ਝੱਟ ਸਮਝ ਗਏ ਕਿ ਇਹ ਕੰਡਾ ਤਾਂ ਉਸ ਦੁਕਾਨਦਾਰ ਦਾ ਹੈ। ਵਿਉਪਾਰੀ ਕੰਡਾ ਲੈ ਆਏ ਤੇ ਦੁਕਾਨਦਾਰ ਨੂੰ ਦੇ ਦਿੱਤਾ।
ਦੁਕਾਨਦਾਰ ਫਿਰ ਮਹਾਤਮਾ ਕੋਲ ਗਿਆ, ਸਭ ਵਿਰਤਾਂਤ ਸੁਣਾਇਆ। ਮਹਾਤਮਾ ਨੇ ਕਿਹਾ ਕਿ ਨਹੱਕੀ ਕਮਾਈ ਨਾਲ ਬਰਕਤ ਨਹੀਂ ਪੈਂਦੀ ਤੇ ਹੱਕ ਦੀ ਕਮਾਈ ਕਿਤੇ ਜਾਂਦੀ ਨਹੀਂ।
ਲੋਭੀ ਬੰਦੇ ਨੂੰ ਕੋਣ ਸਮਝਾਵੇ। ਨਾ ਤਾਂ ਅਜਿਹੇ ਮਹਾਤਮਾ ਮਿਲਦੇ ਹਨ ਤੇ ਨਾ ਹੀ ਮੰਨਣ ਵਾਲੇ ਦੁਕਾਨਦਾਰ। ਇਹ ਅਸੀਂ ਦੇਖਣਾ ਹੈ ਕਿ ਮਿਲਣਾ ਤਾਂ ਸਾਨੂੰ ਸਾਡਾ ਹੀ ਹੈ, ਤਾਂ ਫਿਰ ਥੋਖਾ ਕਿਉਂ? ਸਿੱਧੇ ਤਰੀਕੇ ਨਾਲ ਹੀ ਕਿਉਂ ਨਾ ਪ੍ਰਾਪਤ ਕਰੀਏ।