ਕਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ ਜੋ 3 ਮਈ 2020 ਤੱਕ ਜਾਰੀ ਰਹਿਣ ਦੇ ਹੁਕਮ ਹਨ। ਹੋ ਸਕਦਾ ਇਹ ਹੁਕਮ ਅੱਗੇ ਲਈ ਵਧ ਜਾਣ। ਲੋਕਾਂ ਦੇ ਘਰਾਂ ਵਿੱਚ ਖਾਣ ਪੀਣ ਦਾ ਸਮਾਨ ਤਕਰੀਬਨ ਖ਼ਤਮ ਹੋ ਗਿਆ ਹੈ। ਲੋਕਾਂ ਨੂੰ ਇੱਕ ਮਹੀਨਾ ਹੋ ਗਿਆ ਘਰ ਬੈਠਿਆਂ। ਕੰਮ ਕਾਜ ਬੰਦ ਹਨ। ਪਿੰਡ ਦੇ ਗੁਰਦੁਆਰਾ ਟਾਹਲੀ ਸਾਹਿਬ ਜੀ ਦੁਆਰਾ, ਐਨ. ਆਰ. ਆਈ. ਹਰਭਜਨ ਸਿੰਘ ਭਜਾ ਦੁਆਰਾ, ਸਾਬਕਾ ਸਰਪੰਚ ਗਰੁੱਪ, ਫਗਵਾੜਾ ਤੋਂ ਕਬੱਡੀ ਖਿਡਾਰੀਆਂ ਦੁਆਰਾ ਬੜਾ ਪਿੰਡ ਵਿੱਚ ਸੁੱਕਾ ਰਾਸ਼ਨ ਵੰਡਿਆ ਗਿਆ ਹੈ। ਜਿਸ ਨਾਲ ਕੁਝ ਹੱਦ ਤੱਕ ਪਿੰਡ ਦੇ ਗਰੀਬ ਤਬਕੇ ਦਾ ਖਿਆਲ ਰੱਖ ਹੋ ਸਕਿਆ।
ਅੱਜ ਆਦਿਧਰਮੀ ਜੰਝਘਰ, ਬੜਾ ਪਿੰਡ ਵਿਖੇ ਸਰਪੰਚ ਸੰਦੀਪ ਸਿੰਘ ‘ਗਿੱਲ’, ਬੀ. ਐਸ. ਪੀ. ਆਗੂ ਸ਼ੌਂਕੀ ਸੁੰਮਨ, ਸਾਬਕਾ ਪੰਚ ਦਵਿੰਦਰ ਸੂਦ ਨੇ ਪੰਚ ਰਾਮ ਗੋਪਾਲ ਪ੍ਰਭਾਕਰ, ਪੰਚ ਅਮਨਦੀਪ ਸਿੰਘ, ਪੰਚ ਰਜੀਵ ਕੁਮਾਰ, ਯੰਗ ਸਪੋਰਟ ਕਲੱਬ ਦੇ ਮੈੰਬਰਾਂ ਅਤੇ ਮੁਹੱਲਾ ਨਿਵਾਸੀਆਂ ਦੀ ਮੌਜ਼ੂਦਗੀ ਵਿੱਚ ਪੱਤਰਕਾਰਾਂ ਨੂੰ ਆਪਣੀ ਵਿੱਥਿਆ ਸਣਾਉਂਦੇ ਹੋਏ ਦੱਸਿਆ ਕਿ ਕਰਫਿਊ ਨੂੰ ਇੱਕ ਮਹੀਨਾ ਹੋਣ ਤੇ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਕਰਮਚਾਰੀ ਜਾਂ ਮਹਿਕਮੇ ਨੇ ਕੋਈ ਦਾਣਾ ਵੀ ਬੜਾ ਪਿੰਡ ਦੇ ਵਸਨੀਕਾਂ ਲਈ ਨਹੀਂ ਦਿੱਤਾ ਗਿਆ। ਸਰਕਾਰ ਦੁਆਰਾ ਪਿੰਡ ਵਿੱਚ ਡੇਢ ਸੌ ਪੈਕਿਟ ਰਾਸ਼ਨ ਭੇਜਿਆ ਸੀ, ਅਬਾਦੀ ਜਿਆਦਾ ਹੋਣ ਕਾਰਨ, ਇਹ ਪੈਕਿਟ ਨਹੀਂ ਲਏ ਗਏ। ਅਬਾਦੀ ਦੇ ਹਿਸਾਬ ਨਾਲ ਪੈਕਿਟਾਂ ਦੀ ਮੰਗ ਕੀਤੀ ਗਈ ਸੀ, ਜੋ ਸਰਕਾਰ ਨੇ ਪੂਰੀ ਨਹੀਂ ਕੀਤੀ।
ਇਸ ਸਮੇਂ ਪੱਤਰਕਾਰ ਨਿਰਮਲ ਗੁੜਾ ਨੇ ਬੜਾ ਪਿੰਡ ਦੇ ਪੰਚਾਇਤ ਸੈਕਟਰੀ ਅਤੇ ਨਾਇਬ ਤਹਿਸੀਲਦਾਰ ਸ੍ਰੀ ਭਨੋਟ ਨਾਲ ਟੈਲੀਫੋਨ ਤੇ ਗੱਲ ਕੀਤੀ। ਫਿਲੌਰ ਦੇ ਬੀ. ਡੀ. ਪੀ. ਓ. ਨੇ ਸਰਪੰਚ ਅਤੇ ਪੱਤਰਕਾਰ ਦਾ ਫੋਨ ਉਠਾਇਆ ਹੀ ਨਹੀਂ। ਪੰਚਾਇਤ ਸੈਕਟਰੀ ਨੇ ਦੱਸਿਆ ਕਿ ਉਸਨੂੰ ਇਸ ਬਾਰੇ ਅਜੇ ਕੋਈ ਹੁਕਮ ਨਹੀਂ ਮਿਲਿਆ। ਨਾਇਬ ਤਹਿਸੀਲਦਾਰ ਸ੍ਰੀ ਭਨੋਟ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਲਿਖ ਲਈ ਹੈ। ਉਹ ਅੱਗੇ ਅਫਸਰਾਂ ਨਾਲ ਇਸ ਬਾਰੇ ਗੱਲ ਕਰਨਗੇ।