Panth Ratan Giani Ditt Singh Ji

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ

( ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1853 ਦੇ ਦਿਨ, ਮਾਤਾ ਰਾਮ ਕੌਰ ਦੀ ਕੁੱਖ ਤੋਂ, ਭਾਈ ਦੀਵਾਨ ਸਿੰਘ ਦੇ ਘਰ, ਪਿੰਡ ਕਲੌੜ (ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਵਿਚ, ਹੋਇਆ ਸੀ। ਗਿਆਨੀ ਦਿੱਤ ਸਿੰਘ ਦੇ ਪਿਤਾ ਦੀਵਾਨ ਸਿੰਘ ਜੁਲਾਹਾ ਬਿਰਾਦਰੀ ਦੀ ਦੇਹੜਾ ਗੋਤ ਨਾਲ ਸਬੰਧ ਰਖਦੇ ਸਨ। ਉਨ੍ਹਾਂ ਦਾ ਪਹਿਲਾ ਪਿੰਡ ਝੱਲੀਆਂ ਕਲਾਂ ਸੀ। ਦੀਵਾਨ ਸਿੰਘ ਚਾਰ ਭਰਾ ਸਨ; ਇਨ੍ਹਾਂ ਵਿਚੋਂ ਦੋ ਭਰਾ ਇਕ ਵਾਰ ਹਰਦੁਆਰ ਗਏ ਸਨ ਜਿੱਥੇ ਉਨ੍ਹਾਂ ਦਾ ਪਾਂਡਿਆਂ ਨਾਲ ਝਗੜਾ ਹੋ ਗਿਆ ਤੇ ਉਹ ਮਾਰੇ ਗਏ ਸਨ। ਆਪ ਦਾ ਤੀਜਾ ਭਰਾ ਕਾਹਨ ਸਿੰਘ, ਝੱਲੀਆਂ ਪਿੰਡ ਛੱਡ ਕੇ ਬੱਸੀ ਪਠਾਣਾਂ ਵਿਚ ਆ ਵਸਿਆ ਸੀ। ਇਸ ਮਗਰੋਂ ਦੀਵਾਨ ਸਿੰਘ ਵੀ ਝੱਲੀਆਂ ਕਲਾਂ ਛੱਡ ਗਿਆ ਅਤੇ ਪਿੰਡ ਕਲ਼ੌੜ ਵਿਚ ਜਾ ਵਸਿਆ ਸੀ। ਇਹ ਗੱਲ 1836 ਤੋਂ 1840 ਦੇ ਵਿਚਕਾਰ ਦੀ ਹੈ।

ਇਸ ਦੌਰਾਨ ਭਾਈ ਦੀਵਾਨ ਸਿੰਘ ਦੀ ਨੇੜਤਾ ਭਾਈ ਭਾਗ ਸਿੰਘ (ਜਗੀਰਦਾਰ ਬਡਾਲਾ) ਨਾਲ ਹੋ ਗਈ। ਭਾਗ ਸਿੰਘ ਦੇ ਦਾਦਾ ਸੁੱਖਾ ਸਿੰਘ ਸਿੰਘਪੁਰੀਆ ਮਿਸਲ ਦੇ ਅਹਿਮ ਫ਼ੌਜੀ ਸਨ। ਉਨ੍ਹਾਂ ਨੇ ਮਿਸਲਾਂ ਦੀ ਹਕੂਮਤ ਦੌਰਾਨ ਸੱਤ ਪਿੰਡਾਂ ‘ਤੇ ਆਪਣੀ ਹਕੂਮਤ ਕਾਇਮ ਕਰ ਲਈ ਸੀ। 1849 ਵਿਚ ਅੰਗਰੇਜ਼ਾਂ ਨੇ ਨਵੇਂ ਬੰਦੋਬਸਤ ਹੇਠ ਉਨ੍ਹਾਂ ਨੂੰ ਦੋ ਪਿੰਡਾਂ, ਬਡਾਲਾ ਤੇ ਬਡਾਲੀ, ਦੀ ਜਾਗੀਰ ਤਕ ਮਹਿਦੂਦ ਕਰ ਦਿੱਤਾ ਸੀ।ਭਾਈ ਭਾਗ ਸਿੰਘ ਰਾਹੀਂ ਦੀਵਾਨ ਸਿੰਘ ਦਾ ਮੇਲ ਕਾਹਨ ਸਿੰਘ (ਢਕਾਨਸੂ), ਬੀਰ ਸਿੰਘ (ਜਾਂਸਲਾ), ਕੋਲ ਦਾਸ (ਤਿਓੜ) ਨਾਲ ਵੀ ਹੋ ਗਿਆ। ਇੰਞ ਇਹ ਪੰਜ ਜਣੇ ਧਰਮ ਪਰਚਾਰ ਦਾ ਇਕ ਜਥਾ ਬਣ ਗਏ। ਉਧਰ ਭਾਗ ਸਿੰਘ ਦੇ ਸਬੰਧ ਸਾਧੂ ਗੁਲਾਬ ਦਾਸ ਨਾਲ ਵੀ ਬਣ ਚੁਕੇ ਸਨ। ਗੁਲਾਬ ਦਾਸ ਨਾਲ ਉਨ੍ਹਾਂ ਦਾ ਮੇਲ 1836 ਵਿਚ ਅੰਬਾਲਾ ਵਿਚ ਦਸੌਂਧਾ ਸਿੰਘ ਦੇ ਡੇਰੇ ‘ਤੇ ਹੋਇਆ ਸੀ।ਭਾਗ ਸਿੰਘ ਭਾਵੇਂ ਕਿਸੇ ਡੇਰੇ ਤੋਂ ਪੜ੍ਹਿਆ ਲਿਖਿਆ ਤਾਂ ਨਹੀਂ ਸੀ ਪਰ ਉਸ ਨੁੰ ਨਯਾਯ, ਵੇਦਾਂਤ, ਸਾਂਖਯ ਵਗ਼ੈਰਾ (ਖੱਟ/ ਛੇ ਸ਼ਾਸਤਰ), ਪਿੰਗਲ ਵਗ਼ੈਰਾ ਦੇ ਨਾਲ ਨਾਲ ਸਿੱਖ ਧਰਮ ਗ੍ਰੰਥਾਂ ਦੀ ਵੀ ਜਾਣਕਾਰੀ ਸੀ। ਸਾਧੂ ਗੁਲਾਬ ਦਾਸ ਨੇ ਭਾਗ ਸਿੰਘ ਨੂੰ ਮੈਣ ਦੁਆਬ (ਘੱਗਰ ਤੇ ਜਮਨਾ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ) ਦਾ ਚਾਰਜ ਸੰਭਾਲ ਦਿੱਤਾ ਸੀ ਤੇ ਆਪਣਾ ਮੁਖ ਡੇਰਾ ਲਾਹੌਰ ਤੋਂ 15 ਕਿਲੋਮੀਟਰ ਦੂਰ ਚਠਿਆਂ ਵਾਲੇ ਵਿਚ ਕਾਇਮ ਕਰ ਲਿਆ ਸੀ।

ਗਿਆਨੀ ਦਿੱਤ ਸਿੰਘ ਜੀ ਦੀ ਸ਼ਾਦੀ

ਭਾਈ ਦੀਵਾਨ ਸਿੰਘ ਦੇ ਸਾਥੀ ਭਾਈ ਭਾਗ ਸਿੰਘ ਬਡਾਲਾ ਦੇ ਘਰ 1854 ਵਿਚ ਦੋ ਜੁੜਵਾਂ ਧੀਆਂ ਪੈਦਾ ਹੋਈਆਂ। ਜਵਾਨ ਹੋਣ ‘ਤੇ ਉਨ੍ਹਾਂ ਵਿਚੋਂ ਇਕ ਸੌਂਸਪੁਰ (ਨੇੜੇ ਸਮਰਾਲਾ) ਵਿਆਹ ਦਿੱਤੀ। ਦੂਜੀ ਬਿਸ਼ਨ ਦੇਈ ਪਿਤਾ ਵਾਂਙ ਬਹੁਤ ਤੇਜ਼ ਬੁੱਧੀ ਵਾਲੀ ਸੀ। ਭਾਗ ਸਿੰਘ ਚਾਹੁੰਦਾ ਸੀ ਕਿ ਉਸ ਦਾ ਵਿਆਹ ਕਿਸੇ ਸਿਆਣੇ ਲੜਕੇ ਨਾਲ ਕੀਤਾ ਜਾਵੇ। ਇਹ ਗੱਲ 1872 ਦੀ ਹੈ। ਉਦੋਂ ਭਾਈ ਦਿੱਤ ਸਿੰਘ ਗੁਲਾਬਦਾਸ ਦੇ ਡੇਰੇ ‘ਤੇ ਪਿੰਡ ਚਠਿਆਂ ਵਾਲੇ ਵਿਚ ਰਹਿੰਦਾ ਸੀ। ਦਿੱਤ ਸਿੰਘ ਪਿਤਾ ਦੀ ਬੀਮਾਰੀ ਕਾਰਨ ਕੁਝ ਦਿਨ ਵਾਸਤੇ ਕਲੌੜ ਆਇਆ ਹੋਇਆ ਸੀ। ਇਸ ਫੇਰੀ ਦੌਰਾਨ ਉਹ ਭਾਈ ਭਾਗ ਸਿੰਘ ਨੂੰ ਮਿਲਣ ਵਾਸਤੇ ਬਡਾਲੇ ਵੀ ਗਿਆ। ਭਾਗ ਸਿੰਘ ਤੇ ਦਿੱਤ ਸਿੰਘ ਨੇ ਬਹੁਤ ਨੁਕਤਿਆਂ ਬਾਰੇ ਚਰਚਾ ਕੀਤੀ ਤੇ ਉਹ ਉਸ ਨੌਜਵਾਨ ਤੋਂ ਬਹੁਤ ਅਸਰ-ਅੰਦਾਜ਼ (ਪ੍ਰਭਾਵਿਤ) ਹੋਇਆ। ਉਸ ਦੇ ਮਨ ਵਿਚ ਆਇਆ ਕਿ ਉਹ ਆਪਣੀ ਧੀ ਬਿਸ਼ਨ ਦੇਈ ਦਾ ਵਿਆਹ ਉਸ ਸੂਝਵਾਨ ਨੌਜਵਾਨ ਦਿੱਤ ਸਿੰਘ ਦੇ ਨਾਲ ਕਰ ਦੇਵੇ। ਜਦ ਭਾਗ ਸਿੰਘ ਦੇ ਭਰਾ ਮਾਨ ਸਿੰਘ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਔਖਾ ਹੋਇਆ ਕਿਉਂਕਿ ਉਹ ਆਪਣੀ ਭਤੀਜੀ ਦੀ ਸ਼ਾਦੀ ਕਿਸੇ ਜਾਗੀਰਦਾਰ ਜਾਂ ਜ਼ਮੀਂਦਾਰ ਦੇ ਘਰ ਵਿਚ ਹੀ ਕਰਨਾ ਚਾਹੁੰਦਾ ਸੀ। ਪਰ ਭਾਗ ਸਿੰਘ ਨੇ ਇਸ ਵਿਰੋਧਤਾ ਦੀ ਪਰਵਾਹ ਨਾ ਕੀਤੀ ਅਤੇ ਉਸ ਨੇ ਜੂਨ 1872 ਵਿਚ ਆਪਣੀ ਧੀ ਬਿਸ਼ਨ ਦੇਈ (ਮਗਰੋਂ ਬਿਸ਼ਨ ਕੌਰ) ਦਾ ਵਿਆਹ ਭਾਈ ਦਿੱਤ ਸਿੰਘ ਦੇ ਨਾਲ ਕਰ ਦਿੱਤਾ। ਇਸ ਕਰ ਕੇ ਵਿਆਹ ਦੇ ਮੌਕੇ ਤੇ ਕੁੜੀ ਦੇ ਦਾਦਕਿਆਂ ਦੇ ਖ਼ਾਨਦਾਨ ਵਿਚੋਂ ਕੋਈ ਵੀ ਸ਼ਾਮਿਲ ਨਾ ਹੋਇਆ।

ਗਿਆਨੀ ਦਿੱਤ ਸਿੰਘ ਦੀ ਸ਼ਖ਼ਸੀਅਤ

ਆਪ ਸਿੱਖ ਕੌਮ ਦੇ ਉਂਗਲੀਆਂ ’ਤੇ ਗਿਣੇ ਜਾ ਸਕਣ ਵਾਲੇ ਮਹਾਨ ਵਿਦਵਾਨਾਂ ਵਿਚੋਂ ਇਕ ਸਨ। ਦਿੱਤ ਸਿੰਘ ਬਚਪਣ ਤੋਂ ਹੀ ਬਹੁਤ ਸਿਆਣੀਆਂ ਗੱਲਾਂ ਕਰਨ ਲਗ ਪਏ ਸਨ ਤੇ ਸਾਰੇ ਉਨ੍ਹਾਂ ਦੀ ਸੂਝ ਦੇ ਕਾਇਲ ਸਨ। ਆਪ ਦੇ ਪਿਤਾ ਭਾਈ ਦੀਵਾਨ ਸਿੰਘ ਭਾਵੇਂ ਇਕ ਗ਼ਰੀਬ ਜੁਲਾਹਾ ਪਰਵਾਰ ਵਿਚੋਂ ਸਨ ਪਰ ਆਪ ਦੇ ਮਨ ਵਿਚ ਪੁੱਤਰ ਨੂੰ ਪੜ੍ਹਾਈ ਕਰਵਾੳੇਣ ਦੀ ਬਹੁਤ ਖ਼ਾਹਿਸ਼ ਸੀ ਇਸ ਕਰ ਕੇ ਉਨ੍ਹਾਂ ਨੇ 1862 ਵਿਚ 9 ਸਾਲ ਦੇ ਦਿੱਤ ਸਿੰਘ ਨੂੰ ਤਿਓੜ (ਖਰੜ ਤੋਂ ਤਿੰਨ ਕਿਲੋਮੀਟਰ ਦੂਰ) ਦੇ ਗੁਲਾਬਦਾਸੀ ਡੇਰੇ ’ਤੇ ਭੇਜ ਦਿੱਤਾ; ਇਥੇ ਉਸ ਨੇ ਵੇਦਾਂਤ, ਨੀਤੀ ਸ਼ਾਸਤਰ ਅਤੇ ਫ਼ਿਲਾਸਫ਼ੀ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ। ਉਸ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿਚ ਉਸ ਨੂੰ ਗੁਲਾਬਦਾਸੀਆਂ ਦੇ ਮੁਖ ਡੇਰੇ ਚੱਠਿਆਂਵਾਲਾ (ਜ਼ਿਲ੍ਹਾ ਕਸੂਰ) ਵਿਚ ਭੇਜ ਦਿੱਤਾ ਗਿਆ। ਏਥੇ ਉਸ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ ਤੇ ਭਾਈ ਗੁਰਦਾਸ ਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ।

1875 ਵਿਚ, 23 ਸਾਲ ਦੀ ਉਮਰ ਵਿਚ, ਉਨ੍ਹਾਂ ਨੇ ਇਕ ਗੁਲਾਬਦਾਸੀ ਪਰਚਾਰਕ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦਾ ਮੇਲ ਭਾਈ ਜਵਾਹਰ ਸਿੰਘ ਕਪੂਰ ਨਾਲ ਹੋਇਆ। ਇਨ੍ਹਾਂ ਦਿਨਾਂ ਵਿਚ ਆਰੀਆ ਸਮਾਜ ਦੀ ਨੀਂਹ ਰੱਖੀ ਜਾ ਚੁਕੀ ਸੀ।1877 ਵਿਚ ਓਰੀਐਂਟਲ ਕਾਲਜ ਲਾਹੌਰ (ਜੋ 1870 ਵਿਚ ਸ਼ੁਰੂ ਹੋਇਆ ਸੀ ਤੇ ਮਗਰੋਂ 14 ਅਕਤੂਬਰ 1882 ਦੇ ਦਿਨ ਇਸ ਦਾ ਨਾਂ ਪੰਜਾਬ ਯੂਨੀਵਰਸਿਟੀ ਰੱਖ ਦਿੱਤਾ ਗਿਆ ਸੀ) ਵਿਚ ਪੰਜਾਬੀ ਜ਼ਬਾਨ ਦੀ ਪੜ੍ਹਾਈ ਸ਼ੁਰੂ ਹੋ ਗਈ। ਪ੍ਰੋ. ਗੁਰਮੁਖ ਸਿੰਘ ਇਸ ਦੇ ਪਹਿਲੇ ਪ੍ਰੋਫ਼ੈਸਰ ਬਣੇ। ਗਿਆਨੀ ਦਿੱਤ ਸਿੰਘ ਨੇ 1878 ਵਿਚ ਇੱਥੇ ਗਿਆਨੀ ਦੀ ਪੜ੍ਹਾਈ ਕੀਤੀ ਅਤੇ ਪਹਿਲੇ ਨੰਬਰ ‘ਤੇ ਆਏ। ਇਸ ਮਗਰੋਂ ਆਪ ਨੂੰ ਵੀ ਉਥੇ ਪੰਜਾਬੀ ਦੀ ਪੜ੍ਹਾਈ ਕਰਵਾਉਣ ਵਾਸਤੇ ਰੱਖ ਲਿਆ ਗਿਆ। ਹੁਣ ਗਿਆਨੀ ਜੀ ਨੇ ਚੱਠਿਆਂ ਵਾਲਾ ਛੱਡ ਦਿੱਤਾ ਅਤੇ ਪੱਕਾ ਲਾਹੌਰ ਵਿਚ ਹੀ ਰਹਿਣ ਲਗ ਪਏ।

ਗਿਆਨੀ ਦਿੱਤ ਸਿੰਘ ਤੇ ਸਾਧੂ ਦਯਾ ਨੰਦ ਦਾ ਮਿਲਾਪ

ਅਪ੍ਰੈਲ 1877 ਵਿਚ ਆਰੀਆ ਸਮਾਜ ਦਾ ਦਯਾ ਨੰਦ ਲਾਹੌਰ ਆਇਆ।ਉਹ ਲਾਹੌਰ ਵਿਚ ਰਤਨ ਚੰਦ ‘ਦਾਹੜੀ ਵਾਲਾ’ ਦੇ ਬਾਗ਼ ਵਿਚ ਠਹਰਿਆ ਹੋਇਆ ਸੀ। ਉਸ ਵੇਲੇ ਗਿਆਨੀ ਦਿੱਤ ਸਿੰਘ ਚੱਠਿਆਂ ਵਾਲਾ ਵਿਚ ਸਨ। ਜਦ ਉਨ੍ਹਾਂ ਨੂੰ ਸਾਧੂ ਦਯਾ ਨੰਦ ਦੇ ਪਰਚਾਰ ਦਾ ਪਤਾ ਲੱਗਾ ਤਾਂ ਉਹ ਆਪਣੇ ਸਾਥੀ ਅਤਰ ਸਿੰਘ ਨਾਲ ਲਾਹੌਰ ਪੁੱਜੇ। ਉਥੇ ਉਨ੍ਹਾਂ ਨੇ ਭਾਈਆ ਰੋਡੂ ਰਾਮ ਨੂੰ ਨਾਲ ਲਿਆ ਅਤੇ ਸ. ਜਵਾਹਰ ਸਿੰਘ ਕਪੂਰ (ਜੋ ਰੇਲਵੇ ਵਿਚ ਕਲਰਕ ਸੀ ਤੇ ਆਰੀਆ ਸਮਾਜ ਲਾਹੌਰ ਦਾ ਸਕੱਤਰ ਸੀ) ਦੇ ਘਰ ਚਲੇ ਗਏ। ਉਥੋਂ ਉਹ ਚਾਰੇ ਜਣੇ ਸਾਧੂ ਦਯਾ ਨੰਦ ਨੂੰ ਮਿਲਣ ਚਲੇ ਗਏ। ਇਸ ਮੌਕੇ ‘ਤੇ ਗਿਆਨੀ ਦਿੱਤ ਸਿੰਘ ਨੇ ਸਾਧੂ ਦਯਾ ਨੰਦ ਨਾਲ ਪ੍ਰਮਾਤਮਾ ਦਾ ਸਰੂਪ, ਦੁਨੀਆਂ ਦੀ ਰਚਨਾ, ਪੰਜ ਤੱਤਾਂ ਬਾਰੇ ਚਰਚਾ ਕੀਤੀ। ਦੋ ਘੰਟੇ ਦੀ ਚਰਚਾ ਮਗਰੋਂ ਦਯਾ ਨੰਦ ਲਾਜਵਾਬ ਹੋ ਗਿਆ ਤੇ ਗੱਲਬਾਤ ਬੰਦ ਕਰ ਕੇ ਕਹਿਣ ਲੱਗਾ “ਆਪ ਕਹਿ ਦੋ ਕਿ ਸਾਧੂ ਹਾਰ ਗਏ ਹੈ ਔਰ ਹਮ ਜੀਤ ਗਏ ਹੈਂ।”

ਕੁਝ ਦਿਨਾਂ ਮਗਰੋਂ ਸਾਧੂ ਦਯਾ ਨੰਦ ਨੇ ਠਿਕਾਣਾ ਬਦਲ ਲਿਆ ਤੇ ਡਾ. ਰਹੀਮ ਖ਼ਾਨ ਦੀ ਕੋਠੀ ਵਿਚ ਚਲਾ ਗਿਆ। ਇੱਥੇ ਦਯਾ ਨੰਦ ਨੇ ਤਿੰਨ ਦਿਨ ਲੈਕਚਰ ਕੀਤਾ ਤੇ ਚੌਥੇ ਦਿਨ ਸਵਾਲ ਕਰਨ ਦੀ ਇਜਾਜ਼ਤ ਦਿੱਤੀ। ਪਹਿਲਾਂ ਇਕ ਮੌਲਵੀ ਤੇ ਫਿਰ ਇਕ ਪੰਡਤ ਨੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਪਰ ਛੇਤੀ ਹੀ ਹਰ ਖਾ ਕੇ ਚੁਪ ਕਰ ਗਏ। ਹੁਣ ਗਿਆਨੀ ਦਿੱਤ ਸਿੰਘ ਨੇ ਚਰਚਾ ਸ਼ੁਰੂ ਕੀਤੀ। ਗਿਆਨੀ ਦਿੱਤ ਸਿੰਘ ਨੇ ਕਿਹਾ ਕਿ ਚਾਰੇ ਵੇਦ ਦੈਵੀ (ਖ਼ੁਦਾਈ) ਰਚਨਾ ਨਹੀਂ ਹਨ ਬਲਕਿ ਇਨਸਾਨੀ ਰਚਨਾ ਹਨ। ਉਨ੍ਹਾਂ ਕਿਹਾ ਕਿ ਬਾਣੀ ਚਾਰ ਕਿਸਮ ਦੀ ਹੁੰਦੀ ਹੈ: (1) ਪਰਾ (ਜੋ ਗੁਪਤ ਹੈ)। (2) ਪਸੰਤੀ (ਜੋ ਖਿਆਲ ਮਨ ਵਿਚ ਪੈਦਾ ਹੁੰਦਾ ਹੈ; ਇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ)। (3) ਮੱਧਿਮਾ (ਜੋ ਗਲੇ ਤਕ ਆ ਜਾਂਦੀ ਹੈ ਪਰ ਬਾਹਰ ਨਹੀਂ ਨਿਕਲਦੀ; ਸੋ ਇਹ ਵੀ ਕਿਸੇ ਨੂੰ ਪਤਾ ਨਹੀਂ ਲਗ ਸਕਦੀ)। (4) ਬੈਖਰੀ (ਜੋ ਮੂੰਹੋਂ ਬੋਲੀ ਜਾਂਦੀ ਹੈ। ਇਸ ਵਿਚ ਸ਼ਬਦ, ਵਾਕ, ਵਿਆਕਰਣ ਹੁੰਦੀ ਹੈ ਤੇ ਕੋਈ ਇਨਸਾਨ ਹੀ ਇਸ ਦਾ ਉਚਾਰਣ ਕਰਦਾ ਹੈ)। ਕਿਉਂਕਿ ਚਾਰੇ ਵੇਦ ਅੱਖਰਾਂ, ਵਾਕਾਂ ਤੇ ਵਿਆਕਰਣ ਦੀ ਰਚਨਾ ਹਨ ਇਸ ਕਰ ਕੇ ਵੇਦ ਦੈਵੀ ਰਚਨਾ ਨਹੀਂ ਹੋ ਸਕਦੇ; ਇਹ ਯਕੀਨਨ ਇਨਸਾਨਾਂ ਦੀਆਂ ਲਿਖਤਾਂ ਹਨ। ਇਸ ਵਾਰ ਵੀ ਦਯਾ ਨੰਦ ਭਰੀ ਸਭਾ ਵਿਚ ਲਾਜਵਾਬ ਹੋ ਗਿਆ।

ਇਸ ਮਗਰੋਂ ਦਯਾ ਨੰਦ ਨੇ ਮੇਲਾ ਰਾਮ ਦੇ ਤਾਲਾਬ ‘ਤੇ ਜਾ ਡੇਰਾ ਲਾਇਆ। ਉਥੇ ਵੀ ਗਿਆਨੀ ਦਿੱਤ ਸਿੰਘ ਜੀ ਚਲੇ ਗਏ ਅਤੇ ਉਨ੍ਹਾਂ ਨੇ ਦਯਾ ਨੰਦ ਨੂੰ ‘ਮੁਕਤੀ’ ਦੇ ਸਵਾਲ ‘ਤੇ ਲਾਜਵਾਬ ਕਰ ਦਿੱਤਾ। ਇੰਞ ਉਨ੍ਹਾਂ ਨੇ ਦਯਾ ਨੰਦ ਨੂੰ ਤਿੰਨ ਵਾਰ ਦਲੀਲਾਂ ਨਾਲ ਫ਼ਲਸਫ਼ੇ ਦੀ ਬਹਿਸ ਵਿਚ ਹਰਾਇਆ। (ਇਸ ਦਾ ਜ਼ਿਕਰ ਗਿਆਨੀ ਦਿੱਤ ਸਿੰਘ ਲਿਖਤ “ਮੇਰਾ ਤੇ ਸਾਧੂ ਦਯਾ ਨੰਦ ਦਾ ਸੰਬਾਦ” ਅਤੇ ਪੰਡਤ ਲੇਖ ਰਾਮ ਦੀ ਲਿਖੀ ਕਿਤਾਬ “ਮਹਾਂਰਿਸ਼ੀ ਸੁਆਮੀ ਦਯਾ ਨੰਦ ਸਰਸਵਤੀ ਕਾ ਜੀਵਨ ਚਰਿਤ੍ਰ” ਵਿਚ ਵੀ ਮਿਲਦਾ ਹੈ)। ਇਸ ਚਰਚਾ ਨੂੰ ਦੇਖ ਸੁਣ ਕੇ ਗਿਆਨੀ ਦਿੱਤ ਸਿੰਘ ਤੇ ਜਵਾਹਰ ਸਿੰਘ ਕਪੂਰ ਨੂੰ ਅਹਿਸਾਸ ਹੋ ਗਿਆ ਕਿ ਦਯਾ ਨੰਦ ਕੋਲ ਕੁਝ ਨਹੀਂ ਲੋਕ ਐਵੇਂ ਹੀ ਭੇਡ ਚਾਲ ਵਿਚ ਉਸ ਦੇ ਪਿੱਛੇ ਲਗੇ ਹੋਏ ਹਨ। ਉਨ੍ਹੀਂ ਦਿਨੀਂ ਹੀ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਤੇ ਮਗਰੋਂ ਦੋਵੇਂ ਇਸ ਲਹਿਰ ਦਾ ਹਿੱਸਾ ਬਣ ਗਏ। ਕੁਝ ਲੋਕਾਂ ਨੂਂ ਇਹ ਗ਼ਲਤਫ਼ਹਮੀ ਹੈ ਕਿ ਗਿਆਨੀ ਦਿੱਤ ਸਿੰਘ ਆਰੀਆ ਸਮਾਜ ਨਾਲ ਸਬੰਧਤ ਸਨ; ਇਹ ਗ਼ਲਤ ਹੈ। ਉਹ ਕਦੇ ਵੀ ਇਸ ਜਮਾਤ ਨਾਲ ਸਬੰਧਤ ਨਹੀਂ ਰਹੇ ਸਨ। (ਭਾਈ ਜਵਾਹਰ ਸਿੰਘ ਕਪੂਰ ਆਰੀਆ ਸਮਾਜ ਲਾਹੌਰ ਦੇ ਸਕੱਤਰ ਜ਼ਰੂਰ ਸਨ ਤੇ ਉਹ ਵੀ 25 ਨਵੰਬਰ 1888 ਦੇ ਦਿਨ, ਲਾਹੌਰ ਵਿਚ, ਆਰੀਆ ਸਮਾਜ ਦੇ ਚੌਧਰੀਆਂ ਪੰਡਤ ਗੁਰੂਦੱਤ ਅਤੇ ਲਾਲ ਮੁਰਲੀ ਧਰ ਵੱਲੋਂ ਗੁਰੁ ਨਾਨਕ ਸਾਹਿਬ, ਗੁਰੁ ਗੋਬਿੰਦ ਸਿੰਘ ਸਾਹਿਬ ਅਤੇ ਗੁਰੁ ਗ੍ਰੰਥ ਸਾਹਿਬ ਸਬੰਧੀ ਨੀਚਤਾ ਭਰੀ ਬਕਵਾਸ ਕਰਨ ਤੋਂ ਅਗਲੇ ਦਿਨ ਹੀ, ਗੁਰਦੁਆਰ ਬਾਊਲੀ ਸਾਹਿਬ ਵਿਚ ਇਕੱਠ ਕਰਨ ਮਗਰੋਂ, ਭਾਈ ਨੰਦ ਗੁਪਾਲ ਰਈਸ ਸਣੇ ਇਸ ਸਭਾ ਨੂੰ ਛੱਡ ਗਏ ਸਨ)।

ਖਾਲਸਾ ਅਖ਼ਬਾਰ ਸ਼ੁਰੂ ਕਰਨਾ

11 ਅਪ੍ਰੈਲ 1880 ਦੇ ਦਿਨ ਗਿਆਨੀ ਦਿੱਤ ਸਿੰਘ ਨੇ ‘ਗੁਰਮੁਖੀ ਅਖ਼ਬਾਰ’ ਸ਼ੁਰੂ ਕੀਤਾ ਜੋ ਛੇਤੀ ਹੀ ਹਰਮਨ ਪਿਆਰਾ ਹੋ ਗਿਆ। ਇਨ੍ਹਾਂ ਦਿਨਾਂ ਵਿਚ ਹੀ ਗਿਆਨੀ ਦਿੱਤ ਸਿੰਘ ਤੇ ਪ੍ਰੋ ਗੁਰਮੁਖ ਸਿੰਘ ਵਿਚ ਦੋਸਤੀ ਬਣ ਗਈ ਤੇ ਇਸ ਦੋਸਤੀ ਨੇ ਸਿੱਖ ਕੌਮ ਨੂੰ ਮਹਾਨ ਦੇਣ ਦਿੱਤੀ। ਕੁਝ ਚਿਰ ਮਗਰੋਂ ਆਪ ਨੇ ਪ੍ਰੋ ਗੁਰਮੁਖ ਸਿੰਘ ਨਾਲ ਮਿਲ ਕੇ ‘ਖਾਲਸਾ ਅਖ਼ਬਾਰ’ ਸ਼ੁਰੂ ਕੀਤਾ। ਅਪ੍ਰੈਲ 1883 ਵਿਚ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਇਸ ਅਖ਼ਬਾਰ ਵਾਸਤੇ 700 ਰੁਪੈ ਦੀ ਮੁੱਢਲੀ ਰਕਮ ਦਿੱਤੀ ਸੀ। ਪਹਿਲੀ ਮਈ 1883 ਦੇ ਦਿਨ ਖਾਲਸਾ ਪ੍ਰੈਸ ਸ਼ੁਰੂ ਹੋ ਗਈ। ਇਸੇ ਮਹੀਨੇ ਵਿਚ ਹੀ ‘ਖਾਲਸਾ ਅਖ਼ਬਾਰ’ ਬਾਕਾਇਦਾ ਛਪਣਾ ਸ਼ੁਰੂ ਹੋ ਗਿਆ। ਇਸ ਅਖ਼ਬਾਰ ਦਾ ਸਾਰਾ ਕੰਮ ਵੀ ਗਿਆਨੀ ਦਿੱਤ ਸਿੰਘ ਹੀ ਕਰਦੇ ਹੁੰਦੇ ਸਨ; ਭਾਈ ਮਈਆ ਸਿੰਘ ਪ੍ਰੈਸ ਦੇ ਇੰਚਾਰਜ ਸਨ। ਇਸ ਅਖ਼ਬਾਰ ਰਾਹੀਂ, ਪ੍ਰੋ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ, ਦੋਹਾਂ ਸ਼ਖ਼ਸੀਅਤਾਂ ਨੇ ਸਿੱਖੀ ਵਿਚ ਆਏ ਨਿਘਾਰ ਨੂੰ ਖ਼ਤਮ ਕਰਨ ਵਿਚ ਵੱਡਾ ਰੋਲ ਅਦਾ ਕੀਤਾ। ਪ੍ਰੋ. ਗੁਰਮੁਖ ਸਿੰਘ ਨੇ ਤਾਂ ਅਖੌਤੀ ਸਾਹਿਬਜ਼ਾਦਿਆਂ (ਬੇਦੀ, ਭੱਲੇ, ਸੋਢੀ ਖ਼ਾਨਦਾਨਾਂ) ਦਾ ਦੰਭ ਵੀ ਬੁਰੀ ਤਰ੍ਹਾਂ ਨੰਗਾ ਕੀਤਾ; ਖਾਸ ਕਰ ਕੇ ਖੇਮ ਸਿੰਘ ਬੇਦੀ ਵੱਲੋਂ ਨੀਮ-ਗੁਰੂ ਬਣਨ ਦੀ ਕਰਤੂਤ ਦੇ ਖ਼ਿਲਾਫ਼ ਉਸ ਨੇ ਇਕ ਕਿਸਮ ਦਾ ਜਹਾਦ ਖੜ੍ਹਾ ਕੀਤਾ। ਇਸ ਤੋਂ ਖਿਝ ਕੇ ਬੇਦੀ ਟੋਲੇ ਨੇ 18 ਮਾਰਚ 1887 ਦੇ ਦਿਨ ਪ੍ਰੋ ਗੁਰਮੁਖ ਸਿੰਘ ਨੂੰ ਅਖੌਤੀ ਤੌਰ ’ਤੇ ਪੰਥ ਵਿਚੋਂ ਖਾਰਜ ਕਰਨ ਦਾ ਡਰਾਮਾ ਕੀਤਾ। ਗਿਆਨੀ ਦਿੱਤ ਸਿੰਘ ਨੇ ਇਸ ਹਰਕਤ ਦੀ ਜ਼ਬਰਦਸਤ ਨਿੰਦਾ ਕੀਤੀ। ਹੁਣ ਸੁਮੇਰ ਸਿੰਘ ਪਟਨਾ (ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰਕ) ਅਤੇ ਖੇਮ ਸਿੰਘ ਬੇਦੀ ਨੇ ਗਿਆਨੀ ਦਿੱਤ ਸਿੰਘ ਦੇ ਖ਼ਿਲਾਫ਼ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। 1887 ਵਿਚ ਉਨ੍ਹਾਂ ਨੂੰ ਇਕ ਲਿਖਤ ਦੇ ਮਾਮਲੇ ਵਿਚ, ਉਦੈ ਸਿੰਘ ਬੇਦੀ ਵੱਲੋਂ ਮੁਕੱਦਮਾ ਕਰਵਾ ਕੇ ਅਦਾਲਤ ਵਿਚ ਵੀ ‘ਘਸੀਟਿਆ’। ਲੰਮੀ ਅਦਾਲਤੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਇਸ ਕੇਸ ਵਿਚ ਪਹਿਲਾਂ ਹਾਰ ਤੇ ਅਪੀਲ ਵਿਚ ਜਿੱਤ ਹਾਸਿਲ ਹੋਈ।

ਇਨ੍ਹਾਂ ਦਿਨਾਂ ਵਿਚ ਗਿਆਨੀ ਜੀ ਦੇ ਸਭ ਤੋਂ ਵੱਡੇ ਮਦਦਗਾਰ ਕੰਵਰ ਬਿਕਰਮ ਸਿੰਘ ਕਪੂਰਥਲਾ ਦੀ 8 ਮਈ 1887 ਦੇ ਦਿਨ ਮੌਤ ਹੋ ਗਈ; ਇਸ ਨਾਲ ਗਿਆਨੀ ਜੀ ਨੂੰ ਬਹੁਤ ਨੁਕਸਾਨ ਹੋਇਆ ਤੇ ਉਨ੍ਹਾਂ ਨੂੰ ਅਖ਼ਬਾਰ ਵੀ ਬੰਦ ਕਰਨਾ ਪਿਆ। ਹਿੰਮਤ ਕਰ ਕੇ ਉਨ੍ਹਾਂ ਨੇ ਮਾਰਚ 1890 ਵਿਚ ਅਖ਼ਬਾਰ ਦੋਬਾਰਾ ਸ਼ੁਰੂ ਕਰ ਲਿਆ। ਫਿਰ 1896 ਵਿਚ ਪ੍ਰੋ ਗੁਰਮੁਖ ਸਿੰਘ ਚੜ੍ਹਾਈ ਕਰ ਗਏ। ਇਕ ਵਾਰ ਫੇਰ ਗਿਆਨੀ ਦਿੱਤ ਸਿੰਘ ਨੂੰ ਮਾਲੀ ਮੁਸ਼ਕਿਲਾਂ ਨੇ ਘੇਰ ਲਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਅਖ਼ਬਾਰ ਜਾਰੀ ਰੱਖਿਆ ਅਤੇ 1901 ਵਿਚ ਉਨ੍ਹਾਂ ਦੀ ਮੌਤ ਤਕ ਚਲਦਾ ਰਿਹਾ। 1899 ਵਿਚ ਜਦ ਭਗਤ ਲਕਸ਼ਮਣ ਸਿੰਘ ਨੇ ਅੰਗਰੇਜ਼ੀ ਵਿਚ ‘ਖਾਲਸਾ ਅਖ਼ਬਾਰ’ ਸ਼ੁਰੂ ਕੀਤਾ ਤਾਂ ਗਿਆਨੀ ਜੀ ਨੇ ਵੀ ਉਸ ਦੀ ਬਹੁਤ ਮਦਦ ਕੀਤੀ।

ਗਿਆਨੀ ਦਿੱਤ ਸਿੰਘ ਦੀ ਸਿਹਤ ਤੇ ਲਿਬਾਸ

ਗਿਆਨੀ ਦਿੱਤ ਸਿੰਘ ਦਾ ਜਿਸਮ ਇਕਹਿਰਾ ਸੀ। ਜਦ ਉਹ ਤਿਊੜ ਵਿਚ ਸਾਧੂ ਕੌਲ ਦਾਸ ਕੋਲ ਰਹਿੰਦੇ ਸਨ ਤਾਂ ਉਹ ਭਗਵੇ ਰੰਗ ਦੇ ਕਪੜੇ ਪਹਿਣਦੇ ਹੁੰਦੇ ਸਨ। ਜਦ ਉਹ ਚੇਲਿਆਂਵਾਲਾ ਵਿਚ ਗੁਲਾਬ ਦਾਸ ਦੇ ਡੇਰੇ ‘ਤੇ ਸਨ ਤਾਂ ਗਲੇ ਵਿਚ ਖੁਲ੍ਹੀਆਂ ਬਾਹਵਾਂ ਦਾ  ਕੁੜਤਾ, ਤੇੜ ਤੰਬੀ (ਚਾਦਰਾ) ਅਤੇ ਸਿਰ ‘ਤੇ ਮੋਟੀ ਸਫ਼ੈਦ ਮਲਮਲ ਦਾ ਸਾਫ਼ਾ ਬੰਨ੍ਹਦੇ ਸਨ। 1880 ਤੋਂ ਮਗਰੋਂ ਉਹ ਲੱਠੇ ਦਾ ਚੋਗਾ, ਚੂੜੀਦਾਰ ਪਜਾਮਾ ਤੇ ਸਿਰ ‘ਤੇ ਮਲਮਲ ਦਾ ਸਾਫ਼ਾ ਬੰਨ੍ਹਣ ਲਗ ਪਏ ਸਨ। ਪਹਿਲਾਂ ਉਹ ਦਾਹੜੀ ਬੰਨ੍ਹਦੇ ਹੁੰਦੇ ਸਨ।, ਪਰ ਸੰਨ 1896 ਤੋਂ ਮਗਰੋਂ ਉਨ੍ਹਾਂ ਨੇ ਦਾੜ੍ਹੀ ਖੁਲ੍ਹੀ ਛਡ ਦਿੱਤੀ ਸੀ।

ਗਿਆਨੀ ਦਿੱਤ ਸਿੰਘ ਜੀ ਦਾ ਅੰਤ ਸਮਾਂ

ਸੰਨ 1900 ਵਿਚ, ਜਦ ਗਿਆਨੀ ਦਿੱਤ ਸਿੰਘ ਜੀ ਅਜੇ 50 ਕੂ ਸਾਲ ਦੇ ਸਨ, ਤਾਂ ਉਨ੍ਹਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ। ਖ਼ੁਰਾਕ ਤਾਂ ਪਹਿਲੋਂ ਹੀ ਮਾੜੀ ਸੀ। 1900 ਦੀਆਂ ਬਰਸਾਤਾਂ ਮੁਕਦਿਆਂ ਹੀ ਆਪ ਨੂੰ ਬੁਖ਼ਾਰ ਚੜ੍ਹਨ ਲਗ ਪਿਆ। ਜਦ ਉਹ ਬਹੁਤ ਢਿੱਲੇ ਹੁੰਦੇ ਤਾਂ ਕੰਮ ਨਹੀਂ ਸਨ ਕਰ ਸਕਦੇ; ਤੇ ਜਦ ਜ਼ਰਾ ਕੂ ਜਾਨ ਪੈ ਜਾਣੀ ਉਹ ਫਿਰ ਕੰਮ ਵਿਚ ਰੁਝ ਜਾਂਦੇ ਸਨ। ਇਸ ਦੋਰਾਨ, 17 ਜੂਨ 1901 ਦੇ ਦਿਨ, ਉਨ੍ਹਾਂ ਦੀ ਬੇਟੀ ਵਿਦਿਆਵੰਤ ਕੌਰ ਦੀ ਮੌਤ ਹੋ ਗਈ। ਇਸ ਬੇਟੀ ਨਾਲ ਆਪ ਦਾ ਬਹੁਤ ਪਿਆਰ ਸੀ; ਇਸ ਮੌਤ ਨੇ ਉਨ੍ਹਾਂ ਨੂੰ ਬਹੁਤ ਉਦਾਸ ਕਰ ਦਿੱਤਾ। ਭਾਵੇਂ ਆਪ ਫਿਰ ਵੀ ਕੌਮ ਦੀ ਸੇਵਾ ਕਰਦੇ ਰਹੇ ਪਰ ਉਨ੍ਹਾਂ ਦੇ ਮਨ ਦੀ ਦਿਲਗੀਰੀ ਨੇ ਉਨ੍ਹਾਂ ਦਾ ਸਾਥ ਨਾ ਛੱਡਿਆ। 15 ਜੁਲਾਈ ਦੇ ਦਿਨ ਜਦ ਉਹ ਫ਼ੀਰੋਜ਼ਪੁਰ ਤੋਂ ਮੁੜੇ ਤਾਂ ਬਹੁਤ ਬੀਮਾਰ ਪੈ ਗਏ। ਇਸ ਦੇ ਬਾਵਜੂਦ ਉਹ ਪ੍ਰੈਸ ਵਿਚ ਜਾਂਦੇ ਰਹੇ। ਕਈ ਵਾਰ ਤਾਂ ਉਨ੍ਹਾਂ ਵਿਚ ਏਨੀ ਤਾਕਤ ਵੀ ਨਹੀਂ ਸੀ ਹੁੰਦੀ ਕਿ ਉਹ ਪ੍ਰੈਸ ਤੋਂ ਚਲ ਕੇ ਘਰ ਪੁੱਜ ਸਕਦੇ ਤੇ ਉਹ ਪ੍ਰੈਸ ਵਿਚ ਹੀ ਸੌਂ ਜਾਇਆ ਕਰਦੇ ਸਨ। ਅਖ਼ੀਰ ਅਗਸਤ 1901 ਦੇ ਸ਼ੁਰੂ ਵਿਚ ਜਦ ਉਨ੍ਹਾਂ ਦੀ ਤਾਕਤ ਜਵਾਬ ਦੇ ਗਈ ਤਾਂ ਉਨ੍ਹਾਂ ਨੇ ਪ੍ਰੈਸ ਦਾ ਸਾਰਾ ਕੰਮ ਭਾਈ ਮਈਆ ਸਿੰਘ ਦੇ ਹਵਾਲੇ ਕਰ ਦਿੱਤਾ। ਡਾ. ਰਹੀਮ ਖ਼ਾਨ ਨੇ ਉਨ੍ਹਾਂ ਦਾ ਇਲਾਜ ਕਰਨ ਵਿਚ ਕੋਈ ਕਸਰ ਨਾ ਛੱਡੀ ਪਰ ਅਕਾਲ ਪੁਰਖ ਦਾ ਹੁਕਮ ਪੁੱਜਣ ‘ਤੇ 6 ਸਤੰਬਰ 1901 ਦੇ ਦਿਨ, 11 ਵਜਣ ਤੋਂ ਕੁਝ ਮਿੰਟ ਪਹਿਲਾਂ, ਉਹ ਇਸ ਫ਼ਾਨੀ ਦੁਨੀਆਂ ਤੋਂ ਵਿਦਾ ਹੋ ਗਏ।

ਗਿਆਨੀ ਦਿੱਤ ਸਿੰਘ ਜੀ ਦੀਆਂ ਲਿਖਤਾਂ

ਗਿਆਨੀ ਦਿੱਤ ਸਿੰਘ ਜੀ ਨੇ ਅਖ਼ਬਾਰਾਂ ਵਾਸਤੇ ਬਹੁਤ ਕੀਮਤੀ ਲੇਖ ਤੇ ਐਡੀਟੋਰੀਅਲ ਤਾਂ ਲਿਖੇ ਹੀ ਸਨ, ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਕਿਤਾਬੀ ਰੂਪ ਵਿਚ ਵੀ ਮਿਲਦੀਆਂ ਹਨ (ਇਨ੍ਹਾਂ ਵਿਚੋਂ ਕਈ ਤਾਂ ਅਜੇ ਵੀ ਅਣਛਪੀਆਂ ਪਈਆਂ ਹਨ); ਉਨ੍ਹਾਂ ਦੀਆਂ ਲਿਖਤਾਂ ਵਿਚੋਂ ਮੁਖ ਇਹ ਹਨ:

(ਸਾਹਿਤਕ ਰਚਨਾਵਾਂ): ਕਿੱਸਾ ਸ਼ੀਰੀਂ ਫ਼ਰਹਾਦ (1872), ਅਬਲਾ ਨੰਦ (1876), ਆਤਮ ਸਿੱਧੀ (1877).

(ਸਿੱਖ ਮਸਲਿਆਂ ਸਬੰਧੀ ਰਚਨਾਵਾਂ): ਮੇਰਾ ਤੇ ਸਾਧੂ ਦਇਆ ਨੰਦ ਦਾ ਸੰਬਾਦ (1877), ਸੁਪਨ ਨਾਟਕ (1887), ਰਾਜ ਪ੍ਰਬੋਧ ਨਾਟਕ (1889), ਸੈਲਾਨੀ ਸਿੰਘ, ਗੁੱਗਾ ਗਪੌੜਾ, ਨਕਲੀ ਸਿੱਖ ਪ੍ਰਬੋਧ, ਧਰਮ ਦਰਪਣ, ਖਾਲਸਾ ਧਰਮ ਸੰਸਕਾਰ ਵਿਧੀ, ਦੰਭ ਨਿਵਾਰਣ, ਪੰਥ ਸੁਧਾਰ ਬਿਨੈ ਪੱਤਰ, ਦੁਰਗਾ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਡਰਪੋਕ ਸਿੰਘ, ਸੁਲਤਾਨ ਪੁਆੜਾ, ਨਵਾਂ ਨਕਲੀ ਸਿੱਖ ਪ੍ਰਬੋਧ, ਖਾਲਸਾ ਪੱਤਰ.

(ਇਤਿਹਾਸਕ ਰਚਨਾਵਾਂ): ਜੀਵਨ ਗੁਰੂ ਨਾਨਕ ਸਾਹਿਬ (1896), ਗੁਰੁ ਨਾਨਕ ਪ੍ਰਬੋਧ, ਗੁਰੂ ਅਮਰ ਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਕਲਗੀਧਰ ਉਪਕਾਰ, ਸਿੰਘਣੀਆਂ ਦਾ ਸਿਦਕ, ਭਾਈ ਤਾਰੂ ਸਿੰਘ ਦੀ ਸ਼ਹੀਦੀ, ਸਿੱਖ ਬੱਚੇ ਦੀ ਸ਼ਹੀਦੀ ਤੇ ਕਈ ਹੋਰ।

ਗਿਆਨੀ ਦਿੱਤ ਸਿੰਘ ਜੀ ਦਾ ਪਰਵਾਰ

ਗਿਆਨੀ ਦਿੱਤ ਸਿੰਘ ਦੇ ਘਰ 10 ਸਾਲ ਕੋਈ ਔਲਾਦ ਨਾ ਹੋਈ। 1882 ਵਿਚ ਆਪ ਦੇ ਬੇਟੇ ਬਲਦੇਵ ਸਿੰਘ ਤੇ 1886 ਵਿਚ ਬੇਟੀ ਵਿਦਿਆਵੰਤ ਕੌਰ ਦਾ ਜਨਮ ਹੋਇਆ। 1884 ਵਿਚ ਗਿਆਨੀ ਦਿੱਤ ਸਿੰਘ ਲਾਹੌਰ ਵਿਚ ਠਠੇਰਿਆਂ ਵਾਲੀ ਗਲੀ ਵਿਚ ਇਕ ਤਿੰਨ ਛੱਤਾਂ ਵਾਲੇ ਮਕਾਨ ਵਿਚ ਕਿਰਾਏ ‘ਤੇ ਰਹਿਣ ਲਗ ਪਏ ਸਨ। ਬਲਦੇਵ ਸਿੰਘ ਨੇ 19 ਸਾਲ ਦੀ ਉਮਰ ਵਿਚ ਐਮ.ਏ. ਪਾਸ ਕਰ ਲਈ। ਇਸੇ ਸਾਲ ਉਹ ਮੈਡੀਕਲ ਕਾਲਜ ਲਾਹੌਰ ਵਿਚ ਦਾਖ਼ਿਲ ਹੋ ਗਿਆ। ਜੂਨ 1903 ਵਿਚ ਉਸ ਦਾ ਵਿਆਹ ਊਰਨਾ (ਨੇੜੇ ਮਾਛੀਵਾੜਾ) ਦੇ ਭਾਈ ਫ਼ੌਜਾ ਸਿੰਘ ਦੀ ਬੇਟੀ ਇੰਦਰ ਕੌਰ ਨਾਲ ਹੋ ਗਿਆ। ਵਿਆਹ ਦਾ ਨਤੀਜਾ ਇਹ ਹੋਇਆ ਕਿ ਬਲਦੇਵ ਸਿੰਘ ਦੀ ਪੜ੍ਹਾਈ ਦਾ ਬਹੁਤ ਹਰਜ ਹੋਇਆ ਤੇ 1904 ਵਿਚ ਉਹ ਫੇਲ੍ਹ ਹੋ ਗਿਆ। ਉਨ੍ਹੀਂ ਦਿਨੀਂ ਨਾਭਾ ਦੇ ਮਹਾਰਾਜਾ ਰਿਪਦੁਮਨ ਸਿੰਘ ਅਚਾਨਕ ਲਾਹੌਰ ਆਏ ਹੋਏ ਸਨ। ਸਿੰਘ ਸਭਾ ਲਾਹੌਰ ਦੇ ਮੁਖੀਆਂ ਨੇ ਮਹਾਰਾਜਾ ਨਾਲ ਗੱਲਬਾਤ ਕਰ ਕੇ ਬਲਦੇਵ ਸਿੰਘ ਦੀ ਪੜ੍ਹਾਈ ਦਾ ਖਰਚ ਉਨ੍ਹਾਂ ਜ਼ਿੰਮੇ ਪਾ ਕੇ ਬਲਦੇਵ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ।

1905 ਦੀਆਂ ਗਰਮੀਆਂ ਵਿਚ ਉਹ ਇੰਗਲੈਂਡ ਚਲਾ ਗਿਆ। ਜਦ ਉਹ ਪੜ੍ਹਾਈ ਪੂਰੀ ਕਰ ਕੇ ਵਾਪਿਸ ਆਇਆ ਤਾਂ ਗਿਆਨੀ ਦਿੱਤ ਸਿੰਘ ਦੇ ਵਿਰੋਧੀਆਂ, ਖੇਮ ਸਿੰਘ ਬੇਦੀ ਟੋਲੇ, ਨੇ ਬਲਦੇਵ ਸਿੰਘ ਨੂੰ ਅੰਮ੍ਰਿਤਸਰ ਵਿਚ ਹੈਲਥ ਅਫ਼ਸਰ ਦੀ ਨੌਕਰੀ ਤਕ ਨਾ ਲੈਣ ਦਿੱਤੀ। ਅਖ਼ੀਰ ਮਹਾਰਾਜਾ ਰਿਪਦੁਮਨ ਸਿੰਘ ਨੇ ਉਸ ਨੂੰ ਨਾਭਾ ਵਿਚ ਹੈਲਥ ਅਫ਼ਸਰ ਲਾ ਦਿੱਤਾ। ਪਰ ਛੂਤ ਛਾਤ ਦੇ ਹਿਮਾਇਤੀ ਫਿਰ ਵੀ ਉਸ ਦੇ ਖ਼ਿਲਾਫ਼ ਪਰਚਾਰ ਕਰਦੇ ਰਹੇ। 1912 ਵਿਚ ਉਸ ਦੇ ਘਰ ਬੇਟੇ ਦਾ ਜਨਮ ਹੋਇਆ। ਇਸੇ ਸਾਲ ਉਸ ਦੀ ਪਤਨੀ ਇੰਦਰ ਕੌਰ ਦੀ ਮੌਤ ਹੋ ਗਈ। 1913 ਵਿਚ ਭਾਈ ਤਖ਼ਤ ਸਿੰਘ ਫ਼ੀਰੋਜ਼ਪੁਰ ਨੇ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ। ਉਧਰ ਨਾਭਾ ਪਟਿਆਲਾ ਝਗੜੇ ਵਿਚ ਮਹਾਰਾਜਾ ਭੂਪਿੰਦਰ ਸਿੰਘ ਨੇ ਬਲਦੇਵ ਸਿੰਘ ਨੂੰ ਵੀ ਲਪੇਟ ਲਿਆ। ਇਸ ‘ਤੇ ਬਲਦੇਵ ਸਿੰਘ, ਆਪਣੀ ਦੂਜੀ ਪਤਨੀ, ਬੇਟਾ ਤੇ ਮਾਤਾ ਬਿਸ਼ਨ ਕੌਰ (ਪਤਨੀ ਗਿਆਨੀ ਦਿੱਤ ਸਿੰਘ) ਨੂੰ ਲੈ ਲੇ ਪੰਜਾਬ ਛੱਡ ਕੇ ਬੰਬਈ ਚਲਾ ਗਿਆ ਤੇ ਉਥੋਂ ਨਿਊਜ਼ੀਲੈਂਡ ਚਲਾ ਗਿਆ। ਉਥੇ, 1928 ਵਿਚ ਉਸ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਹੁਣ ਉਸ ਨੇ ਕੇਸ ਕਟਵਾ ਦਿੱਤੇ। ਇਸ ਸਦਮੇ ਨੂੰ ਨਾ ਸਹਾਰਦੀ ਹੋਈ ਉਸ ਦੀ ਮਾਤਾ ਬਿਸ਼ਨ ਕੌਰ ਰੋ ਰੋ ਕੇ ਤਕਰੀਬਨ ਅੰਨ੍ਹੀ ਹੋ ਗਈ। 1929 ਵਿਚ ਉਸ ਨੇ ਮਾਤਾ ਨੂੰ ਪੰਜਾਬ ਭੇਜ ਦਿੱਤਾ। ਉਹ ਭਾਈ ਤਖ਼ਤ ਸਿੰਘ ਕੋਲ ਕੰਨਿਆ ਪਾਠਸ਼ਾਲਾ ਫ਼ੀਰੋਜ਼ਪੁਰ ਵਿਚ ਰਹਿਣ ਲਗ ਪਈ। 1930 ਵਿਚ ਉਸ ਦੀ ਮੌਤ ਹੋ ਗਈ। ਜਦ ਉਸ ਨੂੰ ਆਪਣੀ ਮਾਤਾ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਨਿਊਜ਼ੀਲੈਂਡ ਵਿਚੋਂ ਸਾਰਾ ਕੁਝ ਸਮੇਟ ਕੇ 1932 ਵਿਚ ਪੰਜਾਬ ਵਾਪਿਸ ਆ ਗਿਆ।

ਬਲਦੇਵ ਸਿੰਘ ਕਈ ਬੀਮਾਰੀਆਂ ਦੇ ਇਲਾਜ ਦਾ ਮਾਹਰ ਡਾਕਟਰ ਸੀ। ਉਹ ਪੰਜਾਬੀ ਤੇ ਫ਼ਾਰਸੀ ਦਾ ਵਧੀਆ ਸ਼ਾਇਰ ਵੀ ਸੀ। ਉਸ ਕੋਲ ਰਾਗ ਵਿਦਿਆ ਦੀ ਵੀ ਬਹੁਤ ਮਹਾਰਤ ਸੀ। ਪੈਸੈ ਵੀ ਉਹ ਚੰਗੇ ਕਮਾ ਕੇ ਲਿਆਇਆ ਸੀ। ਪਰ, ਹੁਣ ਉਹ ਇਕੱਲਾ ਸੀ, ਨਾ ਉਸ ਦੀ ਮਾਤਾ ਸੀ ਤੇ ਨਾ ਪੁੱਤਰ। ਭਾਵੇਂ ਉਸ ਦੀ ਉਮਰ ਸਿਰਫ਼ 46 ਸਾਲ ਦੀ ਸੀ, ਪਰ ਜ਼ਾਤ ਪਾਤ ਦੇ ਵਿਤਕਰੇ ਨੇ ਉਸ ਦੀ ਮਾਨਸਿਕ ਹਾਲਤ ਖਰਾਬ ਕਰ ਦਿੱਤੀ ਸੀ। ਇਸ ਹਾਲਤ ਵਿਚ ਉਸ ਨੂੰ ਚਰਨ ਸਿੰਘ ਸ਼ਹੀਦ ਨੇ ਪਰੇਰ ਕੇ ਸਿੱਖੀ ਵਿਚ ਵਾਪਿਸ ਲੈ ਆਂਦਾ। 1937 ਵਿਚ, 51 ਸਾਲ ਦੀ ਉਮਰ ਵਿਚ, ਉਹ ਹੁਸ਼ਿਆਰਪੁਰ ਵਿਚ ਹੈਲਥ ਅਫ਼ਸਰ ਲਗ ਗਿਆ ਤੇ ਉਥੇ ਰਹਿਣ ਲਗ ਪਿਆ। 1938 ਵਿਚ ਉਸ ਨੇ ਰਿਟਾਇਰਮੈਂਟ ਲੈ ਲਈ। 1940 ਵਿਚ ਉਹ ਗਰਮੀਆਂ ਬਿਤਾਉਣ ਵਾਸਤੇ ਉਹ ਸੋਲਨ ਗਿਆ ਹੋਇਆ ਸੀ। ਇੱਥੇ ਹੀ 16 ਜੂਨ 1940 ਦੇ ਦਿਨ, 58 ਸਾਲ ਦੀ ਉਮਰ ਵਿਚ, ਦਿਲ ਦਾ ਦੌਰਾ ਪੈਣ ਨਾਲ ਉਹ ਚੜ੍ਹਾਈ ਕਰ ਗਿਆ। ਇਸ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਦੀ ਕੁਲ ਖ਼ਤਮ ਹੋ ਗਈ।

ਡਾ. ਹਰਜਿੰਦਰ ਸਿੰਘ ਦਿਲਗੀਰ ਸਾਹਿਬ ਦੇ ਪੇਜ https://www.facebook.com/hsdilgeer ਤੋਂ ਧੰਨਵਾਦ ਸਹਿਤ।