ਲੋਕ ਸਮਾਜਿਕ ਦੂਰੀ ਦੀ ਚਿੰਤਾ ਨਹੀਂ ਕਰਦੇ। ਇਹ ਨਜ਼ਾਰਾ ਅੱਜ ਬੜਾ ਪਿੰਡ ਵਿੱਚ ਦੇਖਣ ਨੂੰ ਮਿਲਿਆ। ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਕਰਫਿਊ ਲਗਾਇਆ ਹੋਇਆ ਹੈ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਵਿਅਕਤੀ ਤੋਂ ਵਿਅਕਤੀ ਸਮਾਜਿਕ ਦੂਰੀ ਬਣੀ ਰਹੇ। ਸਾਡੇ ਲੋਕ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ।
ਸਵੇਰੇ ਸਾਢੇ ਨੌ ਵਜੇ ਦੀ ਗੱਲ ਹੈ ਬੀਬੀਆਂ ਭਾਰਤੀਯ ਸਟੇਟ ਬੈਂਕ ਦੇ ਬਾਹਰ ਲੱਗੇ ਨਿਸ਼ਾਨ ਆਪਣੀਆਂ ਚਪਲਾਂ ਨਾਲ ਮੱਲ ਕੇ, ਖੁਦ ਆਪ ਲਾਇਨ ਤੋਂ ਹਟ ਕੇ ਟੋਲੀ ਬਣਾ ਕੇ ਗੱਲਾਂ ਵਿੱਚ ਮਸਤ ਸਨ। ਸੋਚਣ ਦੀ ਗੱਲ ਹੈੈ ਕਿ ਮੌਜ਼ੂਦਾ ਮਹਾਂਮਾਰੀ ਤੋਂ ਬਚਣ ਲਈ ਸਮਾਜਿਕ ਦੂਰੀ ਦੀ ਲੋੜ ਜੁੱਤੀਆਂ ਨੂੰ ਨਹੀਂ ਬਲਕਿ ਮਨੁੱਖੀ ਸਰੀਰਾਂ ਨੂੰ ਹੈ।
ਦੂਸਰਾ ਨਜ਼ਾਰਾ ਵੀ ਇਸੇੇ ਬੈਂਕ ਦਾ ਹੈ। ਬੈਂਕ ਖੁੱਲਦੇ ਸਾਰ ਲੋੜਮੰਦਾਂ ਦੀ ਲੰਮੀ ਕਤਾਰ ਲੱਗ ਗਈ। ਆਪਣੀ ਵਾਰੀ ਦੇ ਉਤਾਵਲੇਪਨ ਵਿੱਚ ਲੋਕ ਆਪਸ ਵਿੱਚ ਸਿਹਤ ਮਹਿਕਮੇ ਵੱਲੋਂ ਨਿਰਧਾਰਿਤ ਵਿੱਥ (ਸਮਾਜਿਕ ਦੂਰੀ) ਦਾ ਵੀ ਖਿਆਲ ਨਹੀਂ ਰੱਖ ਰਹੇ ਸਨ। ਇੱਕ ਦੂਜੇ ਦੇ ਨਾਲ ਲੱਗ ਕੇ ਖੜੇ ਸਨ ਜਿਵੇਂ ਆਮ ਦਿਨਾਂ ਵਿੱਚ ਹੁੰਦਾ ਹੈ।
ਇਥੋਂ ਤੱਕ ਕਿ ਸਥਾਨਕ ਬੈਂਕ ਮੈਨੇਜਰ ਵੀ ਲੋਕਾਂ ਨੂੰ ਨਿਸ਼ਚਿਤ ਕੀਤੇ ਦਾਇਰਿਆਂ ਵਿੱਚ ਖੜ ਕੇ ਲਾਇਨ ਵਿੱਚ ਲੱਗਣ ਨੂੰ ਕਹਿ ਰਿਹਾ ਸੀ। ਬੈਂਕ ਮੁਲਾਜਿਮ ਸਤਨਾਮ ਸਿੰਘ ਅਤੇ ਗਾਰਡ ਫੌਜੀ ਸਾਹਿਬ ਵੀ ਬੈਂਕ ਤੋਂ ਬਾਹਰ ਆ ਕੇ ਫਾਰਮ ਆਦਿ ਭਰ ਕੇ ਲੋਕਾਂ ਦੀ ਮਦਦ ਕਰ ਰਹੇ ਸਨ।
ਸਾਬਕਾ ਪੰਚ ਅਤੇ ਮੌਜ਼ੂਦਾ ਪੰਚ ਸ੍ਰੀਮਤੀ ਅਨੂੰ ਸੂਦ ਦੇ ਪਤੀ ਦਵਿੰਦਰ ਸੂਦ ਨੂੰ ਇਸ ਦੀ ਜਾਣਕਾਰੀ ਕਿਸੇ ਨੇ ਦਿੱਤੀ। ਉਨਾਂ ਨੇ ਆ ਕੇ ਲੋਕਾਂ ਨੂੰ ਸਮਝਾ ਬੁਝਾ ਕੇ ਕਤਾਰ ਵਿੱਚ ਲੱਗੇ ਲੋੜਮੰਦਾਂ ਵਿੱਚ ਯੋਗ ਸਮਾਜਿਕ ਦੂਰੀ ਬਣਾਈ। ਯੰਗ ਸਪੋਰਟਸ ਕਲੱਬ ਦੇ ਰਹਵਿੰਦਰ ਪਾਲ ਸਿੰਘ ਲੱਕੀ ਵੀ ਦਵਿੰਦਰ ਸੂਦ ਦਾ ਸਾਥ ਦੇ ਰਹੇ ਸਨ।
ਇੱਕ ਪੱਖ ਇਹ ਵੀ ਹੈ ਕਿ ਆਮ ਲੋਕਾਂ ਦੇ ਘਰਾਂ ਵਿੱਚ ਨਕਦੀ ਖਤਮ ਹੋ ਗਈ ਹੈ। ਬਜ਼ਾਰ ਵਿੱਚ ਜੋ ਵੀ ਸਮਾਨ ਮਿਲ ਰਿਹਾ ਹੈ ਨਕਦ ਹੀ ਮਿਲ ਰਿਹਾ ਹੈ। ਲੋਕ ਵੀ ਕੀ ਕਰਨ, ਦੋ ਹਫਤਿਆਂ ਤੋਂ ਵੱਧ ਸਮਾਂ ਤਾ ਹੋ ਗਿਆ ਹੈ ਘਰਾਂ ਅੰਦਰ ਡੱਕ ਹੋਇਆਂ ਨੂੰ। ਇੱਕ ਆਦਮੀ ਪੈਸੇ ਕਢਵਾਉਣ ਲਈ ਅੱਟਾ ਪਿੰਡ ਤੋਂ ਕਰਫਿਊ ਤੋਂ ਡਰਦਾ ਪੈਦਲ ਤੁਰ ਕੇ ਆਇਆ।