ਘਰ ਰਹਿਣ ਵਿੱਚ ਹੀ ਭਲਾਈ ਹੈ।
ਕੋਈ ਸ਼ੇਖੀ ਨਹੀਂ, ਘਰ ਰਹਿਣ ਵਿੱਚ ਹੀ ਭਲਾਈ ਹੈ। ਸਰਕਾਰ ਵੀ ਇੰਨੀ ਵੱਡੀ ਅਬਾਦੀ ਨੂੰ ਸਹੁਲਤਾਂ ਦੇਣ ਤੋਂ ਅਸਮਰਥ ਹੈ। ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਸਾਨੂੰ ਆਪ ਹੀ ਰੱਖਣਾ ਪੈਣਾ ਹੈ। ਸਾਧਨਾ ਨਾਲ ਸੰਪਨ ਦੇਸ਼ ਵੀ ਗੋਡੇ ਟੇਕ ਗਏ ਹਨ, ਸਾਡਾ ਦੇਸ਼ ਤਾਂ ਇਸ ਮਾਮਲੇ ਵਿੱਚ ਬਹੁਤ ਹੀ ਪਿੱਛੇ ਹੈ। ਘਰੋਂ ਨਾ ਨਿਕਲੋ, ਐਵੇਂ ਨਾ ਘੁੰਮੋ। ਉਹ ਵੀ ਬੰਦੇ ਐਂਵੇਂ ਘੁੰਮਦੇ ਦੇਖਦੇ ਹਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਘਰ ਟਿਕੇ ਰਹਿਣ ਦੀਆਂ ਨਸੀਹਤਾਂ ਦਿੰਦੇ ਹਨ। ਇਹ ਤਾਂ ਉਹ ਗੱਲ ਹੈ ਕਿ ‘ਰੌਲਾ ਪਾ ਕੇ ਚੁੱਪ ਕਰਾਉਣਾ’। ਦੁਨੀਆ ਦੀ ਛੱਡੋ ਪਹਿਲਾਂ ਆਪਣੇ ਘਰਦਿਆਂ ਦਾ ਖ਼ਿਆਲ ਕਰੋ। ਅਸੀਂ ਸਾਰੇ ਘਰ ਟਿਕ ਗਏ ਤਾਂ ਸਮਝੋ ਸਾਰਾ ਸਮਾਜ ਇਸ ਛੂਤ ਦੀ ਨਾਮੁਰਾਦ ਬਿਮਾਰੀ ਤੋਂ ਬਚ ਗਿਆ।
ਉਹ ਧੰਨ ਹਨ, ਜੋ ਸਾਨੂੰ ਸੁਰੱਖਿਅਤ ਰੱਖਣ ਲਈ ਦੌੜੇ ਭੱਜੇ ਫਿਰਦੇ ਹਨ। (ਰੱਬ ਨਾ ਕਰੇ) ਮੰਨ ਲਵੋ ਤੁਹਾਡੀ ਕਰਿਆਨੇ ਦੀ ਦੁਕਾਨ ਹੈ ਜਾਂ ਮੈਡੀਕਲ ਦੀ। ਸਬਜ਼ੀ, ਦੁੱਧ ਜਾਂ ਹੋਰ ਜ਼ਰੂਰੀ ਵਸਤਾਂ ਲਈ ਦੇਣ ਘਰ ਘਰ ਜਾਣਾ ਪੈਂਦਾ ਹੈ, ਜੇਕਰ ਕਿਧਰੇ ਪਠਲਾਵੇ ਵਾਲੇ ਬਲਦੇਵ ਦਾ ਸੰਗੀ ਸਾਥੀ ਕਰੋਨਾ ਤੋਂ ਪ੍ਰਭਾਵਿਤ ਵਿਅਕਤੀ ਤੁਹਾਡੇ ਨਾਲ ਖਹਿ ਗਿਆ ਤਾਂ ਅਨੁਮਾਨ ਲਗਾਓ ਕੀ ਬਣੂ, ਬੇਧਿਆਨੀ ਵਿੱਚ ਤੁਸੀਂ ਆਪਣੇ ਪਰਿਵਾਰ ਵਿੱਚ ਚਲੇ ਗਏ, ‘ਇੱਕ ‘ਚ ਲੱਗੀ ਪੰਜਾਂ ਦੀ ਹੋਜੂ’।
ਪਠਲਾਵੇ ਵਾਲਾ ਵਿਰਕੀਂ ਇੱਕ ਰਾਤ ਰਹਿ ਕੇ ਗਿਆ ਸੀ ਆਪਣੀ ਸਾਲੀ-ਸਾਡੂ ਕੋਲ। ਸਾਲੀ, ਸਾਡੂ ਤੇ ਸਾਲੀ ਦਾ ਲੜਕਾ ਫਿਲੌਰ ਹਸਪਤਾਲ ਦਾਖ਼ਲ ਕਰਾਉਣੇ ਪਏ। ਅੱਗੋਂ ਫਿਲੌਰ ਹਸਪਤਾਲ ਵਿੱਚ ਇੱਕੋ ਕਮਰੇ ਵਿੱਚ ਵਿਦੇਸ਼ੋਂ ਆਏ ਐਨ.ਆਰ.ਆਈ ਵੀਰ ਵੀ ਰੱਖ ਲਏ। ਵੱਡਾ ਡਾਕਟਰ, ਛੋਟੇ ਡਾਕਟਰ, ਸਟਾਫ, ਸਫਾਈ ਕਰਮਚਾਰੀ ਇੱਥੋਂ ਤੱਕ ਕਿ ਫਿਲੋਰ ਦੇ ਥਾਣੇਦਾਰ ਤੇ ਦੋ ਹੋਰ ਪੁਲਿਸ ਵਾਲਿਆਂ ਨੂੰ ਅਕਾਂਤਵਾਸ ਭੇਜਣਾ ਪਿਆ। ਹੋਰ ਤੇ ਹੋਰ ਫਗਵਾੜੇ ਦੇ ਇੱਕ ਹਸਪਤਾਲ ਜਿੱਥੇ ਬਲਦੇਵ ਜ਼ੇਰੇ ਇਲਾਜ਼ ਸੀ ਦਾ ਸਟਾਫ ਜੋ ਉਸ ਦੀ ਦੇਖਭਾਲ ਕਰਦਾ ਸੀ, ਨੂੰ ਵੀ ਅਕਾਂਤਵਾਸ ਰਹਿਣਾ ਪੈ ਰਿਹਾ ਹੈ। ਉਹ ਹੋਲਾ-ਮਹੱਲਾ ਵੀ ਦੇਖਣ ਗਿਆ, ਉੱਥੇ ਪਤਾ ਨਹੀਂ ਕਿੰਨਿਆਂ ਨਾਲ ਉੱਠਿਆ-ਬੈਠਿਆ ਹੋਵੇਗਾ। ਉਹਨੇ ਤਾਂ ਇੱਕ ਤਰਾਂ ਦਾ ਬਿਮਾਰੀ ਦਾ ਲੰਗਰ ਹੀ ਲਗਾ ਦਿੱਤਾ।
ਸਭ ਨੂੰ ਪਤਾ ਕਿ ਮੈਂ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦਾਂ, 22 ਮਾਰਚ ਤੋਂ ਬਾਅਦ ਮੈਂ ਸਿਰਫ ਦੋ ਬਾਰੀ ਪ੍ਰੈਸ ਤੇ ਗਿਆ, ਇੱਕ ਦਫਾ 24 ਮਾਰਚ ਨੂੰ ਕੁਝ ਛਪਿਆ ਹੋਇਆ ਮਾਲ ਲੈਣ ਜੋ ਕਿਸੇ ਪੇਂਡੂ ਨੂੰ ਦੇਣਾ ਸੀ, ਤੇ ਦੂਜੀ ਬਾਰ 26 ਮਾਰਚ ਨੂੰ ਕੰਪਿਊਟਰ ਆਦਿ ਲੈਣ, ਉਹ ਵੀ ਪ੍ਰਸਾਸ਼ਨ (ਚੌਂਕੀ ਧੁਲੇਤਾ ਤੇ ਗ੍ਰਾਮ ਪੰਚਾਇਤ ਬੜਾ ਪਿੰਡ) ਤੋਂ ਇਜਾਜ਼ਤ ਲੈ ਕੇ।
ਜਿਨ੍ਹਾਂ ਨੂੰ ਲੋੜ ਹੈ ਉਨ੍ਹਾਂ ਨੇ ਤਾਂ ਘਰੋਂ ਨਿਕਲਣਾ ਹੋਇਆ ਸਮਾਨ ਲੈਣ ਲਈ, ਕਈ ਸਮਾਨ ਲੈਣ ਦੇ ਬਹਾਨੇ ਟਹਿਲਦੇ ਵੀ ਦੇਖਦੇ ਹਾਂ। ਘਰ ਵਿੱਚ ਪਾਣੀ, ਆਟਾ, ਰਸੋਈ ਗੈਸ, ਖੰਡ, ਚਾਹਪੱਤੀ, ਦੁੱਧ, ਸਾਬਣ, ਲੂਣ, ਮਿਰਚਾਂ, ਦਾਲਾਂ-ਸਬਜ਼ੀ, ਘਿਉ-ਤੇਲ ਆਦਿ ਕੁਝ ਕੁ ਵਸਤਾਂ ਚਾਹੀਦੀਆਂ ਹਨ, ਜਿਉਂਦੇ ਰਹਿਣ ਲਈ। ਇੱਕ ਆਦਮੀ ਜਾ ਕੇ ਇਹ ਲਿਆ ਸਕਦਾ।