ਗੁਰਾਇਆਂ ਤੋਂ ਆਉਂਦੇ ਸਾਰ, ਬੱਸ ਅੱਡੇ ਵਿੱਚ ਪਿੰਡ ਅੰਦਰ ਦਾਖਲ ਹੋਣ ਵਾਲੇ ਰਸਤੇ ਤੇ ਲਗਾਇਆ ਗਿਆ ਨਾਕਾ, ਜੋ ਕਿ ਆਰਜੀ ਤੌਰ ਤੇ ਤਾਰਾਂ ਅਤੇ ਰੱਸੀਆਂ ਨਾਲ ਬੰਦ ਕੀਤਾ ਗਿਆ ਸੀ, ਅੱਜ ਖੋਲ੍ਹ ਦਿੱਤਾ ਗਿਆ ਹੈ।
ਪਿੰਡ ਦੇ ਉੱਤਰੀ ਪੱਛਮੀ ਪਾਸੇ ਦੋ ਨਾਕੇ, ਜੋ ਬੱਸ ਅੱਡਾ ਅਤੇ ਪ੍ਰੀਤਮ ਸਿੰਘ ਦੇ ਘਰ ਦੇ ਕੋਲ ਬਣਾਏ ਸਨ, ਕੁਝ ਦਿਨ ਪਹਿਲਾਂ ਹੀ ਖੋਲ੍ਹ ਦਿੱਤੇ ਸਨ। ਕਣਕ ਦੀ ਫਸਲ ਦੀ ਕਟਾਈ ਅਤੇ ਢੁਆਈ ਲਈ ਅਵਾਜਾਈ ਬਹਾਲ ਕਰ ਦਿੱਤੀ ਸੀ, ਜਿਸਦੀ ਜ਼ਰੂਰਤ ਸੀ।
ਫਲਪੋਤਾ ਅੱਡੇ ਵਾਲਾ ਨਾਕਾ ਕੱਲ ਹਟਾ ਦਿੱਤਾ ਗਿਆ ਸੀ। ਹੁਣ ਗੁਰਾਇਆਂ ਰੋਡ ਤੇ ਮੋਹਕਮਦੀਨ ਦਰਬਾਰ ਪਾਸ ਹੀ ਇੱਕ ਨਾਕਾ ਬਚਿਆ ਸੀ। ਜਿਸ ਦਾ ਕੋਈ ਖ਼ਾਸ ਮਹਤਵ ਨਹੀਂ ਰਹਿ ਗਿਆ ਸੀ। ਜਦ ਕਿ ਪਿੰਡ ਵਿੱਚ ਦਾਖਲੇ ਦੇ ਸਾਰੇ ਪੁਆਇਂਟ ਪਹਿਲਾਂ ਹੀ ਖੁਲ੍ਹੇ ਸਨ।
ਇਸ ਜਗ੍ਹਾ ਤੋਂ ਰਸਤਾ ਬੰਦ ਹੋਣ ਕਾਰਨ, ਬੀਤੇ ਕੱਲ ਕਸ਼ਮੀਰੀ ਲਾਲ (ਕਾਲਾ) ਦੇ ਅੰਤਿਮ ਸੰਸਕਾਰ ਵੇਲੇ, ਉਸ ਦੀ ਮਈਅਤ ਨੂੰ ਹਸਪਤਾਲ ਵਗ਼ਲ ਕੇ ਸਟੇਡੀਅਮ ਦੇ ਕੋਲੋਂ ਲਿਆਉਣਾ ਪਿਆ ਅਤੇ ਬੜਾ ਪਿੰਡ ਗੇਟ ਪਾਸ ਬਣੇ ਕਬਰਗਾਹ ਵਿੱਚ ਸਪੁਰਦੇ ਖਾਕ ਕੀਤਾ ਜਾ ਸਕਿਆ।
ਕਰੋਨਾ ਵਾਇਰਸ ਦੇ ਫੈਲਾਅ ਤੋਂ ਬਚਾਅ ਲਈ ਕੁਝ ਥਾਵਾਂ ਤੇ ਰੱਸੀਆਂ ਅਤੇ ਤਾਰਾਂ ਲਗਾ ਕੇ ਰਸਤੇ ਬੰਦ ਕਰ ਦਿੱਤੇ ਸਨ।