ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੁਆਰਾ ਕਰਫਿਊ ਹੁਣ ਜੇ ਖੁੱਲਿਆ ਤਾਂ ਪਹਿਲੀ ਮਈ ਨੂੰ ਖੁਲੇਗਾ, ਬਾਕੀ ਪਤਾ ਨਹੀਂ ਖੁਲੇਗਾ ਵੀ ਕਿ ਨਹੀਂ। ਸਾਰੇ ਕੰਮ ਬੰਦ ਪਏ ਹਨ, ਸਿਰਫ ਮੈਡੀਕਲ ਸਟੋਰ, ਕਰਿਆਨੇ ਵਾਲੇ, ਚੱਕੀਆਂ ਵਾਲੇ ਅਤੇ ਸਬਜ਼ੀ ਵਾਲੇ ਹੀ ਕੰਮ ਚਲਾ ਰਹੇ ਹਨ।
ਇਨੀ ਦਿਨੀ ਕਰਫਿਊ ਦੌਰਾਨ ਬੜਾਪਿਡ ਵਿੱਚ ਹੋਰ ਕੁਝ ਮਿਲੇ ਜਾਂ ਨਾ ਪਰ ਸਬਜ਼ੀ ਖੂਬ ਮਿਲ ਰਹੀ ਹੈ। ਇਸ ਦਾ ਕਾਰਨ ਵੀ ਕਰਫਿਊ ਹੀ ਹੈ। ਕਰਫਿਊ ਨੇ ਸਭ ਦੇ ਕੰਮ ਕਾਜ ਠੱਪ ਕਰ ਦਿੱਤੇ ਹਨ ਪਰ ਫੇਰੀਆਂ ਵਾਲਿਆਂ, ਕਬਾੜੀਆਂ, ਕੁਲਚੇ ਅਤੇ ਬਰਗਰ ਦੀਆਂ ਰੇਹੜੀਆਂ ਵਾਲਿਆਂ, ਆਟੋ ਵਾਲਿਆਂ ਨੇ ਵੀ ਜ਼ਿੰਦਗੀ ਜਿਊਣ ਦਾ ਰਾਹ ਲੱਭ ਹੀ ਲਿਆ ਹੈ।
ਗੱਲ ਸਬਜ਼ੀ ਵਾਲਿਆਂ ਦੀ ਕਰੀਏ, ਗਲੀਆਂ ਵਿੱਚ ਸਬਜ਼ੀ ਵਾਲਿਆਂ ਦੇ ਹੋਕਿਆਂ ਤੋਂ ਲੱਗਦਾ ਹੀ ਨਹੀਂ ਹੇ ਕਿ ਕਰਫਿਊ ਲੱਗਾ ਹੋਵੇ। ਅੱਜ ਕੱਲ ਬੜਾਪਿੰਡ ਵਿੱਚ ਸਬਜ਼ੀ ਵੇਚਣ ਵਾਲੇ ਵੀਹ ਦੇ ਕਰੀਬ ਤਾਂ ਹੋਣਗੇ ਹੀ। ਇੱਕ ਜਗਾ ਦੁਕਾਨ ਤੇ ਸਬਜ਼ੀ ਰੱਖ ਕੇ ਵੇਚਣ ਵਾਲੇ ਵੀ ਹੁਣ ਘਰੋ ਘਰੀ ਸਬਜ਼ੀ ਵੇਚ ਰਹੇ ਹਨ।
ਕਰਫਿਊ ਤੋਂ ਪਹਿਲਾ ਬੜਾਪਿੰਡ ਵਿੱਚ ਗਿਣਤੀ ਦੇ ਛੇ ਜਾਂ ਸੱਤ ਸਬਜ਼ੀ ਵਿਕਰੇਤਾ ਹੀ ਸਨ, ਇੱਕ ਬਾਣੀਏ ਦੇ ਸਾਹਮਣੇ, ਦੂਜੀ ਅੱਡੇ ਵਿੱਚ ਭੂਸ਼ਨ ਦੀ ਦੁਕਾਨ, ਇੱਕ ਪੁਰਾਣੀ ਸਟੇਟ ਬਂਕ ਆਫ ਪਟਿਆਲਾ ਦੇ ਸਾਹਮਣੇ, ਇੱਕ ਫੇਰੇ ਵਾਲਾ ਪੱਦੀ ਤੋਂ ਟੀ.ਵੀ.ਐਸ. ਤੇ ਸਬਜ਼ੀ ਵੇਚਦਾ ਸੀ, ਦੋ ਪੂਰਬੀਏ, ਅਤੇ ਦੋ ਪੈਂਡੂ ਭਰਾ ਧੁੰਨੀ ਕੀ ਪੱਟੀ ਤੋਂ।
ਇਨਾਂ ਤੋਂ ਇਲਾਵਾ ਇੱਕ ਸਬਜ਼ੀ ਅਤੇ ਫਲਾਂ ਦੀ ਦੁਕਾਨ ਬੜਾਪਿੰਡ ਮਸੀਤ ਦੇ ਸਾਹਮਣੇ ਹੈ, ਜੋ ਸ਼ਾਇਦ ਬੰਦ ਹੀ ਹੈ, ਕਿਉਂਕਿ ਦੁਕਾਨਦਾਰ ਪਤੀ ਪਤਨੀ ਬਜ਼ੁਰਗ ਹਨ। ਇਨਾਂ ਦੇ ਲੜਕੇ ਨੇ ਇਹ ਦੁਕਾਨ ਪਾਈ ਸੀ ਜੋ ਕਿ ਭਰੀ ਜਵਾਨੀ ਵਿੱਚ ਬੜਾਪਿੰਡ ਨਹਿਰ ਦੇ ਕੋਲ ਹੋਏ ਐਕਸੀਡੈਂਟ ਵਿੱਚ ਸਵਰਗਵਾਸ ਹੋ ਗਿਆ ਸੀ। ਦਸ ਦਈਏ ਕਿ ਉਸ ਦੁਰਘਟਨਾ ਵਿੱਚ ਆਪਣਾ ਗੁਰਪ੍ਰੀਤ ਸਿੰਘ ਚਾਨਾ ਵੀ ਚੜਦੀ ਜਵਾਨੀ ਵਿੱਚ ਸਾਨੂੰ ਛੱਡ ਗਿਆ ਸੀ।
ਜੋ ਕਰਫਿਊ ਤੋਂ ਪਹਿਲਾਂ ਕਵਾੜ ਇਕੱਠੀ ਕਰਦੇ ਸਨ, ਉਹ ਵੀ ਹੁਣ ਸਬਜ਼ੀ ਦੇ ਹੋਕੇ ਦਿੰਦੇ ਨਜ਼ਰ ਆ ਰਹੇ ਹਨ। ਹਾਸੇ ਵਾਲੀ ਇੱਕ ਗੱਲ, ਜੋ ਗੋਗੀ ਚੱਕੀ ਵਾਲੇ ਨੇ ਦੱਸੀ ਕਿ ਇੱਕ ਦਿਨ ਇੱਕ ਕਬਾੜੀਆ ਸਾਇਕਲ ਤੇ ਵੇਚ ਤਾਂ ਸਬਜ਼ੀ ਰਿਹਾ ਸੀ ਪਰ ਹੋਕਾ ਕਬਾੜ ਦਾ ਹੀ ਲਗਾ ਰਿਹਾ ਸੀ। ਟੋਕਣ ਤੇ ਕਬਾੜੀਏ ਨੇ ਹੱਸ ਕੇ ਕਿਹਾ ਕੇ ਆਦਤ ਬਣੀ ਹੋਈ ਹੈ।
ਸਪੀਕਰ ਲਗਾ ਕੇ ਥੋਕ ਰੇਟ ਤੇ ਆਲੂ, ਪਿਆਜ, ਟਮਾਟਰ, ਲਸਣ ਆਦਿ ਵੇਚਣ ਵਾਲੀਆਂ ਗੱਡੀਆਂ ਵੀ ਆਉਂਦੀਆਂ ਹਨ, ਜੋ ਸ਼ਾਇਦ ਫੇਰੇ ਵਾਲਿਆਂ ਤੋਂ ਕੁਝ ਸਸਤੇ ਭਾਅ ਵੇਚ ਜਾਂਦੇ ਹਨ ਥੋਕ ਵਿੱਚ।
ਕੁਝ ਬੰਦੇ ਜੋ ਕਰਫਿਊ ਤੋਂ ਪਹਿਲਾਂ ਤਿੰਨ ਪਹੀਆਂ ਵਾਲਾ ਆਟੋ ਚਲਾ ਰਹੇ ਸਨ, ਉਹ ਵੀ ਸਬਜ਼ੀ ਵੇਚ ਰਹੇ ਹਨ। ਕੁਝ ਦਿਨ ਪਹਿਲਾਂ ਬੜਾ ਪਿੰਡ ਯੂਨੀਅਨ ਬੈਂਕ ਦੇ ਕੋਲ ਰੋਜ਼ਾਨਾਂ ਸ਼ਾਮ ਨੂੰ ਕੁਲਚੇ ਅਤੇ ਬਰਗਰਾਂ ਦੀਆਂ ਰੇਹੜੀਆਂ ਲਗਾਉਣ ਵਾਲੇ ਵੀ ਆਲੂ ਲਓ, ਪਿਆਜ ਲਓ ਦੇ ਹੋਕ ਦੇ ਰਹੇ ਹਨ।