ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ।
ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਜ਼ੂਨੋਸਿਸ ਦਿਵਸ ਸਿਵਲ ਸਰਜਨ ਡਾ ਰਮਨ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਹ ਦਿਵਸ ਹਰ ਸਾਲ 6 ਜੁਲਾਈ ਨੂੰ ਜ਼ੂਨੋਟਿਕ ਬਿਮਾਰੀਆ ਜੋ ਕਿ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀਆ ਹਨ ਜਿਵੇਂ ਕਿ ਰੈਬਿਜ, ਕਰੋਨਾ, ਈਬੋਲਾ, ਏਵੀਅਨ ਇਨਫਲੂਐਨਜ਼ਾ ਅਤੇ ਪੱਛਮੀ ਨੀਲ ਵਾਇਰਸ ਆਦਿ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਦਾ ਹੈ।
ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ ਮਮਤਾ ਗੌਤਮ ਨੇ ਦੱਸਿਆ ਕਿ ਜ਼ੂਨੋਸਿਸ ਛੂਤ ਵਾਲੀ ਬਿਮਾਰੀਆ ਹਨ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀਆ ਹਨ ਜਾ ਉਨ੍ਹਾਂ ਦੀ ਸ਼ੁਰੂਆਤ ਜਾਨਵਰਾ ਤੋ ਹੋਈ ਮੰਨੀ ਜਾਂਦੀ ਹੈ। ਜ਼ੂਨੋਟਿਕ ਰੋਗਾਣੂ ਜੀਵਾਣੂ, ਵਾਇਰਸ ਜਾ ਪਰਜੀਵੀ ਹੋ ਸਕਦੇ ਹਨ ਜੋ ਸਿੱਧੇ ਸੰਪਰਕ ਰਾਹੀਂ , ਭੋਜਨ, ਪਾਣੀ ਜਾਂ ਵਾਤਾਵਰਣ ਰਾਹੀਂ ਮਨੁੱਖਾਂ ਵਿਚ ਫੈਲ ਸਕਦੇ ਹਨ। ਉਦਾਹਰਣ ਦੇ ਲਈ, ਕੋਰੋਨਾਵਾਇਰਸ ਬੈਟਸ ਤੋਂ ਮਨੁੱਖਾਂ ਵਿੱਚ ਫੈਲਿਆ ਮੰਨਿਆ ਜਾਂਦਾ ਹੈ ਅਤੇ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਇਹ ਕਿਵੇਂ ਵਿਸ਼ਵ ਭਰ ਵਿੱਚ ਇੱਕ ਵੱਡੀ ਜਨਤਕ ਸਿਹਤ ਸਮੱਸਿਆ ਪੈਦਾ ਕਰ ਸਕਦਾ ਹੈ।
ਜ਼ੂਨੋਟਿਕ ਬਿਮਾਰੀ ਦੇ ਵਿਰੁੱਧ ਪਹਿਲਾ ਟੀਕਾਕਰਣ 6 ਫਰਵਰੀ, 1885 ਨੂੰ ਇਕ ਫ੍ਰੈਂਚ ਜੀਵ-ਵਿਗਿਆਨੀ ਲੂਯਿਸ ਪਾਸਚਰ ਦੁਆਰਾ ਸਫਲਤਾਪੂਰਵਕ ਰੈਬਿਜ ਦੇ ਵਿਰੁੱਧ ਲਗਾਇਆ ਗਿਆ ਸੀ। ਇਹ ਦਿਨ ਉਨ੍ਹਾਂ ਦੀ ਖੋਜ ਲਈ ਸਮਰਪਿਤ ਹੈ ਅਤੇ ਜ਼ੂਨੋਟਿਕ ਰੋਗਾਂ ਦੇ ਜੋਖਮ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਮਨਾਇਆ ਜਾਂਦਾ ਹੈ।
ਡਾ ਮਮਤਾ ਗੌਤਮ ਨੇ ਕਿਹਾ ਕਿ ਪੀਣ ਵਾਲੇ ਸਾਫ਼ ਪਾਣੀ ਅਤੇ ਕੂੜੇ ਨੂੰ ਹਟਾਉਣ ਦੇ ਮਿਆਰੀ ਪ੍ਰਬੰਧ, ਅਤੇ ਨਾਲ ਹੀ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਵੀ ਅਜਿਹੀ ਬਿਮਾਰੀਆ ਦੇ ਫੈਲਣ ਨੂੰ ਰੋਕਣ ਦੇ ਪ੍ਰਭਾਵਸ਼ਾਲੀ ਢੰਗ ਹਨ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡੈਟਲ ਡਾ ਅਵੀਨਾਸ਼ ਮਗੌਤਰਾ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਬਲਜਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਵਰੁਣ, ਹੈਲਥ ਸੁਪਰਵਾਈਜਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜਰ ਸਤਨਾਮ ਅਤੇ ਸਮੂਹ ਸਟਾਫ ਮੌਜੂਦ ਸੀ।